ਚੰਡੀਗੜ੍ਹ: ਰਾਜ ਸਭਾ ਦੇ ਮੀਤ ਪ੍ਰਧਾਨ ਦੀਆਂ ਚੋਣਾਂ ਲਈ ਸੱਤਾਧਾਰੀ ਐਨਡੀਏ ਨੇ ਉਮੀਦਵਾਰ ਦਾ ਨਾਂ ਤੈਅ ਕਰ ਲਿਆ ਹੈ। ਉਧਰ, ਵਿਰੋਧੀ ਦਲ ਅੱਜ ਨਾਵਾਂ ’ਤੇ ਅੰਤਿਮ ਮੋਹਰ ਲਾ ਸਕਦੇ ਹਨ। ਐਨਡੀਏ ਨੇ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਸਾਂਸਦ ਹਰਵੰਸ਼ ਨੂੰ ਰਾਜ ਸਭਾ ਦੇ ਮੀਤ ਪ੍ਰਧਾਨ ਲਈ ਉਮੀਦਵਾਰ ਬਣਾਇਆ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸੇ ਦੌਰਾਨ ਐਨਡੀਏ ਦੀ ਅਹਿਮ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਪੱਤਰਕਾਰ ਹਰਵੰਸ਼ ਦੇ ਨਾਂ ’ਤ ਇਤਰਾਜ਼ ਜਤਾਇਆ ਹੈ। ਪਾਰਟੀ ਚੋਣਾਂ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਹੈ।

ਸੂਤਰਾਂ ਮੁਤਾਬਕ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਹਰਵੰਸ਼ ਦੇ ਨਾਂ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਖ਼ੁਦ ਗੱਲਬਾਤ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਅਕਾਲੀ ਦਲ ਚੋਣਾਂ ਵਿੱਚ ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿ ਸਕਦਾ ਹੈ। ਇਹ ਪਹਿਲੀ ਵਾਰ ਹੋਏਗਾ ਜਦੋਂ ਆਕਾਲੀ ਦਲ ਐਨਡੀਏ ਨਾਲ ਵੋਟ ਨਹੀਂ ਕਰੇਗਾ। ਰਾਜ ਸਭਾ ਵਿੱਚ ਪਾਰਟੀ ਦੇ ਤਿੰਨ ਸੰਸਦ ਮੈਂਬਰ ਹਨ।

ਧਿਆਨ ਰਹੇ ਕਿ ਸ਼ਿਵ ਸੈਨਾ ਵੀ ਬੀਜੇਪੀ ਨਾਲ ਨਾਰਾਜ਼ ਚੱਲ ਰਹੀ ਹੈ। ਸ਼ਿਵ ਸੈਨਾ ਕੋਲ ਵੀ ਰਾਜ ਸਭਾ ਵਿੱਚ ਤਿੰਨ ਸੀਟਾਂ ਹਨ। ਹੁਣ ਇਹ ਵੇਖਣਾ ਕਾਫੀ ਦਿਲਚਸਪ ਰਹੇਗਾ ਕਿ ਪਾਰਟੀ ਕੀ ਸਟੈਂਡ ਲੈਂਦੀ ਹੈ, ਕਿਉਂਕਿ ਜੇ ਅਕਾਲੀ ਦਲ ਤੇ ਸ਼ਿਵ ਸੈਨਾ ਨੇ ਐਨਡੀਏ ਦੀ ਪੱਖ ਵਿੱਚ ਵੋਟ ਨਹੀਂ ਕੀਤੀ ਤਾਂ ਉਸ ਲਈ ਚੋਣਾਂ ਜਿੱਤਣੀਆਂ ਮੁਸ਼ਕਲ ਹੋ ਜਾਣਗੀਆਂ। ਉੱਚ ਸਦਨ ਵਿੱਚ ਐਨਡੀਏ ਕੋਲ ਬਹੁਮਤ ਨਹੀਂ।