ਨਵੀਂ ਦਿੱਲੀ: ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਦੇਵਰਿਆ ਸਥਿਤ ਮਾਂ ਵਿੰਧਿਆਵਾਸਿਨੀ ਬਾਲਿਕਾ ਘਰ 'ਚ ਬੱਚੀਆਂ ਦੇ ਯੌਨ ਸ਼ੋਸ਼ਨ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਜਿੱਥੇ ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ, ਉੱਥੇ ਹੀ ਸਮਾਜਵਾਦੀ ਪਾਰਟੀ ਨੇ ਮੌਜੂਦਾ ਸਰਕਾਰ 'ਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਾ ਹੋਣ ਦਾ ਦੋਸ਼ ਲਾਇਆ ਹੈ।


ਦੇਵਰਿਆ ਦੇ ਇਸ ਬਾਲ ਘਰ 'ਚ ਕੁੱਲ 42 ਬੱਚੀਆਂ ਰਹਿ ਰਹੀਆਂ ਸਨ ਜਿਨ੍ਹਾਂ 'ਚੋਂ 24 ਨੂੰ ਕੱਢਿਆਂ ਜਾ ਚੁੱਕਾ ਹੈ ਤੇ ਬਾਕੀ 18 ਬੱਚੀਆਂ ਦਾ ਅਜੇ ਕੁਝ ਪਤਾ ਨਹੀਂ।


5 ਅਗਸਤ ਨੂੰ ਸਾਹਮਣੇ ਆਏ ਇਸ ਮਾਮਲੇ 'ਚ ਹੁਣ ਤੱਕ ਮਿਲੀ ਜਾਣਕਾਰੀ-


ਦਰਅਸਲ 5 ਅਗਸਤ ਨੂੰ ਵਿੰਧਿਆਵਾਸਿਨੀ ਬਾਲਿਕਾ ਘਰ ਤੋਂ ਕਿਸੇ ਤਰ੍ਹਾਂ ਬਚ ਕੇ ਨਿਕਲੀ ਇੱਕ ਬੱਚੀ ਥਾਣੇ ਪਹੁੰਚ ਗਈ। ਪੁਲਿਸ ਮੁਤਾਬਕ ਬੱਚੀ ਨੇ ਦੱਸਿਆ ਕਿ ਉਸ ਨਾਲ ਉੱਥੇ ਨੌਕਰਾਂ ਤੋਂ ਵੀ ਮਾੜਾ ਵਤੀਰਾ ਹੁੰਦਾ ਸੀ। ਬੱਚੀ ਨੇ ਦੱਸਿਆ ਕਿ ਉੱਥੇ ਕਾਰ ਆਉਂਦੀ ਹੈ ਤੇ 15 ਸਾਲਾ ਲੜਕੀਆਂ ਨੂੰ ਕਾਰ 'ਚ ਕਿਤੇ ਲਿਜਾਇਆ ਜਾਂਦਾ ਹੈ। ਸਵੇਰੇ ਉਹ ਰੋਂਦੀਆਂ ਵਾਪਸ ਆਉਂਦੀਆਂ ਹਨ ਤੇ ਪੁੱਛਣ 'ਤੇ ਕੋਈ ਜਵਾਬ ਨਹੀਂ ਦਿੰਦੀਆਂ।


ਪੁਲਿਸ ਨੇ ਬਾਲਿਕਾ ਘਰ ਪਹੁੰਚ ਕੇ ਉੱਥੋਂ 24 ਬੱਚੀਆਂ ਨੂੰ ਸੁਰੱਖਿਅਤ ਕੱਢ ਲਿਆ। ਬਾਲਿਕਾ ਘਰ ਦੇ ਰਜਿਸਟਰ 'ਤੇ 42 ਲੜਕੀਆਂ ਦੇ ਨਾਂ ਸਨ। ਇਸ ਮੁਤਾਬਕ 18 ਲੜਕੀਆਂ ਲਾਪਤਾ ਹਨ। ਇਹ 18 ਲੜਕੀਆਂ ਕਿੱਥੇ ਗਈਆਂ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।


ਪੁਲਿਸ ਨੇ ਇਸ ਮਾਮਲੇ 'ਚ ਬਾਲਿਕਾ ਘਰ ਦੀ ਮੁਖੀ ਗਿਰਿਜਾ ਤ੍ਰਿਪਾਠੀ ਨੂੰ ਉਸ ਦੇ ਪਤੀ ਮੋਹਨ ਤ੍ਰਿਪਾਠੀ ਤੇ ਬੇਟੇ ਪ੍ਰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਯਾਨੀ 7 ਅਗਸਤ ਨੂੰ ਗਿਰਿਜਾ ਤ੍ਰਿਪਾਠੀ ਦੀ ਬੇਟੀ ਕੰਚਨਲਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।


ਪੁਲਿਸ ਨੇ ਦੱਸਿਆ ਕਿ ਬਾਲਿਕਾ ਗ੍ਰਹਿ ਨੂੰ ਗੈਰਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਇਸ ਦਾ ਲਾਇਸੰਸ 2017 'ਚ ਰੱਦ ਕਰ ਦਿੱਤਾ ਗਿਆ ਸੀ। ਸੀਬੀਆਈ ਨੇ ਆਪਣੀ ਜਾਂਚ ਰਿਪੋਰਟ 'ਚ ਇਸ ਬਾਲਿਕਾ ਘਰ ਨਾਲ ਜੁੜੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਇਸ ਨੂੰ ਬੰਦ ਕਰਕੇ ਸਾਰੀਆਂ ਬੱਚੀਆਂ ਨੂੰ ਕਿਸੇ ਦੂਜੀ ਜਗ੍ਹਾ ਸ਼ਿਫਟ ਕਰਨ ਦੇ ਆਦੇਸ਼ ਦਿੱਤੇ।


ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਦੇਵਰਿਆ ਦੇ ਜ਼ਿਲ੍ਹਾ ਅਧਿਕਾਰੀ ਸੁਜੀਤ ਕੁਮਾਰ ਨੂੰ ਹਟਾ ਦਿੱਤਾ ਤੇ ਦੇਵਰਿਆ ਦੇ ਡੀਪੀਓ ਰਹੇ ਅਭਿਸ਼ੇਕ ਪਾਂਡੇ ਨੂੰ ਮੁਅੱਤਲ ਕਰ ਦਿੱਤਾ।