'ਜੈ ਸ੍ਰੀ ਰਾਮ' ਨਾ ਬੋਲਣ 'ਤੇ ਨੌਜਵਾਨਾਂ ਨੇ ਮੌਲਵੀ 'ਚ ਠੋਕੀ ਕਾਰ, ਜਾਂਚ ਸ਼ੁਰੂ
ਏਬੀਪੀ ਸਾਂਝਾ | 22 Jun 2019 09:38 AM (IST)
ਤਿੰਨਾਂ ਨੇ ਉਸ ਦਾ ਹਾਲ-ਚਾਲ ਪੁੱਛਿਆ। ਉਸ ਨੇ ਕਿਹਾ ਕਿ 'ਅੱਲਾਹ ਦੀ ਕਿਰਪਾ ਨਾਲ ਮੈਂ ਠੀਕ ਹਾਂ।' ਇਸ 'ਤੇ ਤਿੰਨਾਂ ਜਣਿਆਂ ਨੇ ਇਤਰਾਜ਼ ਜਤਾਇਆ ਤੇ ਉਸ ਨੂੰ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਣ ਲਈ ਕਿਹਾ ਪਰ ਮੋਮਿਨ ਨੇ ਇਨਕਾਰ ਕਰ ਦਿੱਤਾ।
ਨਵੀਂ ਦਿੱਲੀ: ਰੋਹਿਣੀ ਇਲਾਕੇ ਵਿੱਚ ਇੱਕ ਮੌਲਵੀ ਨੇ ਇਲਜ਼ਾਮ ਲਾਇਆ ਹੈ ਕਿ ਵੀਰਵਾਰ ਨੂੰ ਤਿੰਨ ਲੋਕਾਂ ਨੇ ਉਸ ਨੂੰ ਕਾਰ ਨਾਲ ਇਸ ਲਈ ਟੱਕਰ ਮਾਰੀ ਕਿਉਂਕਿ ਉਸ ਨੇ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਉਹ ਮੌਲਵੀ ਦੇ ਦਾਅਵੇ ਬਾਰੇ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੌਲਾਨਾ ਮੋਮਿਨ (40) ਨੇ ਕਿਹਾ ਕਿ ਇਹ ਘਟਨਾ ਵੀਰਵਾਰ ਦੀ ਸ਼ਾਮ ਨੂੰ ਉਸ ਵੇਲੇ ਵਾਪਰੀ ਜਦੋਂ ਉਹ ਮਸਜਿਦ ਸਹਿ ਮਦਰੱਸੇ ਕੋਲ ਟਹਿਲ ਰਿਹਾ ਸੀ। ਮੋਮਿਨ ਰੋਹਿਣੀ ਦੇ ਸੈਕਟਰ 20 ਵਿੱਚ ਇੱਕ ਸਥਾਨਕ ਮਦਰੱਸੇ ਵਿੱਚ ਪੜ੍ਹਾਉਂਦਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਸ਼ਾਮ ਲਗਪਗ 6:45 'ਤੇ ਆਪਣੀ ਮਸਜਿਦ ਵੱਲ ਜਾ ਰਿਹਾ ਸੀ ਤਾਂ ਇੱਕ ਕਾਰ ਨੇ ਪਿੱਛਿਓਂ ਉਸ ਨੂੰ ਟੱਕਰ ਮਾਰੀ। ਤਿੰਨ ਲੋਕਾਂ ਨੇ ਉਸ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਉਨ੍ਹਾਂ ਦੇ ਇਰਾਦਿਆਂ 'ਤੇ ਸ਼ੱਕ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਨਾਲ ਹੱਥ ਮਿਲਾ ਲਿਆ। ਫਿਰ ਤਿੰਨਾਂ ਨੇ ਉਸ ਦਾ ਹਾਲ-ਚਾਲ ਪੁੱਛਿਆ। ਉਸ ਨੇ ਕਿਹਾ ਕਿ 'ਅੱਲਾਹ ਦੀ ਕਿਰਪਾ ਨਾਲ ਮੈਂ ਠੀਕ ਹਾਂ।' ਇਸ 'ਤੇ ਤਿੰਨਾਂ ਜਣਿਆਂ ਨੇ ਇਤਰਾਜ਼ ਜਤਾਇਆ ਤੇ ਉਸ ਨੂੰ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਣ ਲਈ ਕਿਹਾ ਪਰ ਮੋਮਿਨ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੋਮਿਨ ਵਾਪਿਸ ਮਸਜਿਦ ਵਿੱਚ ਜਾਣ ਲੱਗਾ ਪਰ ਉਸ ਨੂੰ ਕਾਰ ਨੇ ਟੱਕਰ ਮਾਰੀ। ਉਹ ਜ਼ਮੀਨ 'ਤੇ ਡਿੱਗ ਗਿਆ ਤੇ ਹੋਸ਼ ਗਵਾ ਲਈ। ਉੱਥੋਂ ਗੁਜ਼ਰ ਰਹੇ ਇੱਕ ਵਿਅਕਤੀ ਨੇ ਪੁਲਿਸ ਬੁਲਾਈ ਤੇ ਉਸ ਨੂੰ ਹਸਪਤਾਲ ਪਹੁੰਚਾਇਆ। ਮੋਮਿਨ ਦੇ ਸਿਰ, ਚਿਹਰੇ ਤੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ। ਸ਼ੁੱਕਰਵਾਰ ਨੂੰ ਮੋਮਿਨ ਨੇ ਉਸ ਬਾਰੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਸੀਸੀਟੀਵੀ ਜ਼ਰੀਏ ਜਾਂਚ ਕਰ ਰਹੀ ਹੈ।