ਨਵੀਂ ਦਿੱਲੀ: ਦਿੱਲੀ ਦੀਆਂ ਸੱਤ ਸੀਟਾਂ 'ਤੇ ਕਾਂਗਰਸ ਨੇ ਲਗਪਗ ਨਾਂ ਤੈਅ ਕਰ ਲਏ ਹਨ। ਇਨ੍ਹਾਂ ਵਿੱਚੋਂ ਓਲੰਪੀਅਨ ਤੇ ਪਦਮਸ੍ਰੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸੈਲਿਬ੍ਰਿਟੀ ਮੰਨ ਲਈਏ ਤਾਂ ਬਾਕੀ ਪਰਖੇ ਹੋਏ ਤੇ ਦਿੱਲੀ ਵਿੱਚ ਚੰਗੀ ਪਛਾਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਕਾਂਗਰਸ ਨੇ ਸ਼ੀਲਾ ਦੀਕਸ਼ਿਤ, ਉੱਤਰ ਪੂਰਬ ਤੋਂ ਜੇਪੀ ਅਗਰਵਾਲ, ਨਵੀਂ ਦਿੱਲੀ ਤੋਂ ਅਜੇ ਮਾਕਨ ਤੇ ਉੱਤਰੀ ਦਿੱਲੀ ਤੋਂ ਅਰਵਿੰਦ ਸਿੰਘ ਲਵਲੀ ਦਾ ਨਾਂ ਦਿੱਤਾ ਹੈ। ਪੰਜਵਾਂ ਨਾਂ ਉੱਤਰ ਪੱਛਮ ਸੀਟ ਤੋਂ ਕਾਰਜਕਾਰੀ ਸੂਬਾ ਪ੍ਰਧਾਨ ਰਾਜੇਸ਼ ਲਿਲੋਠੀਆ ਦਾ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਇਸ ਸੂਚੀ 'ਤੇ ਮੋਹਰ ਲਾ ਦਿੱਤੀ ਹੈ। ਐਤਵਾਰ ਨੂੰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।

ਪੱਛਮੀ ਦਿੱਲੀ ਤੋਂ ਸੁਸ਼ੀਲ ਕੁਮਾਰ ਰਾਹੁਲ ਗਾਂਧੀ ਦੀ ਪਹਿਲੀ ਪਸੰਦ ਸਨ। ਉਨ੍ਹਾਂ ਦੇ ਸਹੁਰਾ ਪਹਿਲਵਾਨ ਸਤਪਾਲ ਵੀ ਪੁਰਾਣੇ ਕਾਂਗਰਸੀ ਹਨ। ਪੂਰਬੀ ਦਿੱਲੀ ਵਿੱਚ ਅਰਵਿੰਦ ਸਿੰਘ ਲਵਲੀ ਨੂੰ ਮੌਕਾ ਦੇ ਕੇ ਕਾਂਗਰਸ ਨੇ ਦੱਖਣੀ ਦਿੱਲੀ ਵਿੱਚ ਰਮੇਸ਼ ਕੁਮਾਰ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਤੇ ਸਿੱਖ-ਪੰਜਾਬੀ ਦੇ ਕਰੀਬ 14 ਫੀਸਦੀ ਵੋਟਰਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਾਂਗਰਸ ਨੂੰ ਲਵਲੀ ਦੇ ਇੱਕ ਵਾਰ ਪਾਰਟੀ ਛੱਡ ਕੇ ਬੀਜੇਪੀ ਵਿੱਚ ਜਾਣ ਤੋਂ ਨਾਰਾਜ਼ ਵਰਕਰਾਂ ਦਾ ਵਿਰੋਧ ਝੱਲਣਾ ਪੈ ਸਕਦਾ ਹੈ।