ਨਵੀਂ ਦਿੱਲੀ: ਸਾਧਵੀ ਪ੍ਰੱਗਿਆ ਲਗਾਤਾਰ ਵਿਵਾਦਤ ਬਿਆਨਾਂ ਨਾਲ ਬੀਜੇਪੀ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਸ਼ਹੀਦ ਹੇਮੰਤ ਕਰਕਰੇ ਸਬੰਧੀ ਦਿੱਤੇ ਵਿਵਾਦਤ ਬਿਆਨ 'ਤੇ ਨੋਟਿਸ ਮਿਲਣ ਬਾਅਦ ਸਾਧਵੀ ਨੂੰ ਹੁਣ ਅਯੋਧਿਆ ਵਿੱਚ ਬਾਬਰੀ ਮਸਜਿਦ ਡੇਗਣ ਵਿੱਚ ਸ਼ਾਮਲ ਹੋਣ ਦੇ ਦਾਅਵੇ 'ਤੇ ਚੋਣ ਕਮਿਸ਼ਨ ਨੇ ਇੱਕ ਹੋਰ ਨੋਟਿਸ ਜਾਰੀ ਕਰ ਦਿੱਤਾ ਹੈ। ਵਿਵਾਦਤ ਢਾਂਚਾ ਡੇਗਣ ਦੇ ਸਵਾਲ 'ਤੇ ਸਾਧਵੀ ਨੇ ਕਿਹਾ, "ਮੈਂ ਗਈ ਸੀ, ਢਾਂਚਾ ਤੋੜਿਆ ਸੀ ਤੇ ਹੁਣ ਰਾਮ ਮੰਦਰ ਬਣਾਉਣ ਵੀ ਜਾਵਾਂਗੀ, ਮੈਨੂੰ ਰਾਮ ਮੰਦਰ ਬਣਾਉਣੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਡੇਗਣ ਦਾ ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ, ਬਲਕਿ ਮਾਣ ਮਹਿਸੂਸ ਹੁੰਦਾ ਹੈ।"

ਸਾਧਵੀ ਪ੍ਰੱਗਿਆ ਨੇ ਆਪਣੇ ਇਸ ਬਿਆਨ ਨਾਲ ਨਾ ਸਿਰਫ ਪਾਰਟੀ ਦੀਆਂ ਮੁਸ਼ਕਲਾਂ ਵਧਾਈਆਂ ਬਲਕਿ ਖ਼ਦ ਲਈ ਵੀ ਮੁਸੀਬਤ ਨੂੰ ਸੱਦਾ ਦੇ ਦਿੱਤਾ ਹੈ। ਚੋਣ ਕਮਿਸ਼ਨ ਨੇ ਇਸ ਬਿਆਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਹੈ। ਕਮਿਸ਼ਨ ਨੇ ਨੋਟਿਸ ਜਾਰੀ ਕਰਕੇ ਸਾਧਵੀ ਕੋਲੋਂ ਸਪਸ਼ਟੀਕਰਨ ਮੰਗਿਆ ਹੈ।

ਦੱਸ ਦੇਈਏ ਸਾਧਵੀ ਦੇ ਸ਼ਹੀਦ ਹੇਮੰਤ ਕਰਕਰੇ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਪਹਿਲਾਂ ਹੀ ਕਈ ਪਾਰਟੀਆਂ ਲਗਾਤਾਰ ਇਤਰਾਜ਼ ਜਤਾ ਰਹੀਆਂ ਹਨ। ਹਾਲਾਂਕਿ ਉਨ੍ਹਾਂ ਮਾਫ਼ੀ ਮੰਗਦਿਆਂ ਆਪਣਾ ਬਿਆਨ ਵਾਪਸ ਲੈ ਲਿਆ ਹੈ। ਦੱਸ ਦੇਈਏ ਭੋਪਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਕਰਕਰੇ ਨੂੰ ਕਿਹਾ ਸੀ ਕਿ ਤੇਰਾ ਸਰਵਨਾਸ਼ ਹੋਏਗਾ।

ਯਾਦ ਰਹੇ 17 ਅਪਰੈਲ ਨੂੰ ਸਾਧਵੀ ਪਰੱਗਿਆ ਨੇ ਬੀਜੇਪੀ ਜੁਆਇਨ ਕੀਤੀ ਤੇ ਪਾਰਟੀ ਨੇ ਉਨ੍ਹਾਂ ਨੂੰ ਭੋਪਾਲ ਤੋਂ ਬੀਜੇਪੀ ਦੀ ਉਮੀਦਵਾਰ ਐਲਾਨਿਆ ਹੈ। ਉਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮਹਿਲਾ ਵਿੰਗ ਨਾਲ ਜੁੜੀ ਹੋਈ ਹਨ।