IGI Airport Roof Collapse: ਦਿੱਲੀ ਦੇ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ 1 ਦੀ ਡਿਪਾਰਚਰ ਛੱਤ ਦਾ ਇੱਕ ਵੱਡਾ ਹਿੱਸਾ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਇਸ ਦੌਰਾਨ ਦਿੱਲੀ ਹਵਾਈ ਅੱਡੇ ਦੇ ਬੰਦ ਪਏ ਟਰਮੀਨਲ 1 (ਟੀ1) ਦਾ ਤਕਨੀਕੀ ਅਧਿਐਨ ਇਕ ਮਹੀਨੇ ਵਿਚ ਪੂਰਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਪੋਰਟ ਦੇ ਆਧਾਰ 'ਤੇ ਟਰਮੀਨਲ ਨੂੰ ਮੁੜ ਖੋਲ੍ਹਣ ਬਾਰੇ ਫੈਸਲਾ ਲਿਆ ਜਾਵੇਗਾ।
ਪੀਟੀਆਈ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਦੀ ਤਕਨੀਕੀ ਰਿਪੋਰਟ ਆਉਣ ਵਿੱਚ ਕਰੀਬ ਇੱਕ ਮਹੀਨਾ ਲੱਗ ਸਕਦਾ ਹੈ। ਦਰਅਸਲ, ਟਰਮੀਨਲ 1 ਜੋ ਘਰੇਲੂ ਉਡਾਣਾਂ ਦੀ ਜ਼ਿੰਮੇਵਾਰੀ ਸੰਭਾਲਦਾ ਹੈ, ਜਿਸ ਵਿੱਚ ਇੰਡੀਗੋ ਅਤੇ ਸਪਾਈਸਜੈੱਟ ਵਰਗੀਆਂ ਕੰਪਨੀਆਂ ਇਸ ਟਰਮੀਨਲ ਦੀ ਵਰਤੋਂ ਕਰਦੀਆਂ ਹਨ।
IIT ਦਿੱਲੀ ਦੇ ਇੰਜੀਨੀਅਰ ਕਰ ਰਹੇ ਜਾਂਚ
ਦਰਅਸਲ ਸ਼ੁੱਕਰਵਾਰ ਸਵੇਰੇ ਮੀਂਹ ਕਰਕੇ ਛੱਤ ਡਿੱਗਣ ਦੇ ਹਾਦਸੇ ਵਿੱਚ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਸਨ। ਇਸ ਕਰਕੇ ਟਰਮੀਨਲ-1 ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਘਟਨਾ ਦੇ ਤੁਰੰਤ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਆਈਆਈਟੀ ਦਿੱਲੀ ਦੇ ਇੰਜੀਨੀਅਰ 'ਛੱਤ ਦੇ ਡਿੱਗਣ ਦਾ ਤੁਰੰਤ ਮੁਲਾਂਕਣ' ਕਰਨ।
ਫਿਲਹਾਲ ਇੰਡੀਗੋ ਅਤੇ ਸਪਾਈਸਜੈੱਟ ਨੇ ਆਪਣੀਆਂ ਘਰੇਲੂ ਸੇਵਾਵਾਂ ਨੂੰ ਸਭ ਤੋਂ ਵਿਅਸਤ ਰਹਿਣ ਵਾਲੇ T2 ਅਤੇ T3 ਟਰਮੀਨਲਾਂ 'ਤੇ ਤਬਦੀਲ ਕਰ ਦਿੱਤਾ ਹੈ। ਇਸ ਦੌਰਾਨ ਦੋ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਟਰਮੀਨਲ 1 'ਤੇ ਉਡਾਣਾਂ ਦੇ ਆਉਣ ਅਤੇ ਜਾਣ ਦੀ ਇਜਾਜ਼ਤ ਦੇਣ 'ਚ 'ਕੁਝ ਮਹੀਨੇ' ਲੱਗ ਸਕਦੇ ਹਨ।
ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਂ 'ਤੇ ਰੱਖਿਆ ਗਿਆ ਦਿੱਲੀ ਏਅਰਪੋਰਟ ਦੇਸ਼ ਦਾ ਸਭ ਤੋਂ ਵਿਅਸਤ ਅਤੇ ਦੁਨੀਆ ਦਾ 10ਵਾਂ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਇਸ ਦੇ ਤਿੰਨ ਟਰਮੀਨਲ ਮਿਲ ਕੇ ਰੋਜ਼ਾਨਾ ਲਗਭਗ 1400 ਉਡਾਣਾਂ ਨੂੰ ਸੰਭਾਲਦੇ ਹਨ। ਹਾਲਾਂਕਿ, ਇਸਦੀ ਜ਼ਿੰਮੇਵਾਰੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਦੁਆਰਾ ਲਈ ਗਈ ਹੈ। ਇਸ ਦੇ ਨਾਲ ਹੀ DIAL ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਟਰਮੀਨਲ 3 ਅਤੇ ਟਰਮੀਨਲ 2 'ਤੇ ਫਲਾਈਟ ਸੰਚਾਲਨ ਨੂੰ ਬਰਕਰਾਰ ਰੱਖਣ ਲਈ ਤਿਆਰ ਹਾਂ। ਜਦੋਂ ਕਿ ਟਰਮੀਨਲ 1 'ਤੇ ਕੰਮਕਾਜ ਬੰਦ ਹੈ।