Mathura Water Tank Collapsed: ਮਥੁਰਾ ਦੇ ਕ੍ਰਿਸ਼ਨਾ ਵਿਹਾਰ ਇਲਾਕੇ 'ਚ ਐਤਵਾਰ ਯਾਨੀਕਿ ਅੱਜ 30 ਜੂਨ ਨੂੰ ਪਾਣੀ ਦੀ ਟੈਂਕੀ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਪਾਣੀ ਦੀ ਟੈਂਕੀ ਦੇ ਡਿੱਗਣ ਕਾਰਨ ਦੋ ਮੌਤਾਂ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਪੂਰਾ ਮਾਮਲਾ ਕੋਤਵਾਲੀ ਥਾਣਾ ਖੇਤਰ ਦੇ ਕ੍ਰਿਸ਼ਨਾ ਵਿਹਾਰ ਇਲਾਕੇ ਦਾ ਹੈ।



ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਇਕ ਲੜਕੀ ਅਤੇ ਇਕ ਔਰਤ ਦੀ ਮੌਤ ਹੋ ਗਈ ਹੈ। ਟੈਂਕੀ ਦੇ ਡਿੱਗਣ ਕਾਰਨ ਸੜਕ ’ਤੇ ਖੜ੍ਹੇ ਕਈ ਵਾਹਨ ਵੀ ਨੁਕਸਾਨੇ ਗਏ ਹਨ। ਟੈਂਕੀ ਦਾ ਮਲਬਾ ਅਤੇ ਪਾਣੀ ਕਈ ਘਰਾਂ ਵਿੱਚ ਵੜ ਗਿਆ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।


ਪਾਣੀ ਦੀ ਟੈਂਕੀ ਡਿੱਗਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ


ਐਸਐਸਪੀ ਸ਼ੈਲੇਸ਼ ਪਾਂਡੇ ਅਤੇ ਡੀਐਮ ਸ਼ੈਲੇਂਦਰ ਸਿੰਘ ਫੋਰਸ ਅਤੇ ਐਨਡੀਆਰਐਫ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਹਨ। ਇਸ ਦੌਰਾਨ ਪਾਣੀ ਦੀ ਟੈਂਕੀ ਡਿੱਗਣ ਦੀ ਘਟਨਾ 'ਤੇ ਮਥੁਰਾ ਦੇ ਡੀਐਮ ਸ਼ੈਲੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਕ੍ਰਿਸ਼ਨਾ ਵਿਹਾਰ ਕਾਲੋਨੀ 'ਚ ਪਾਣੀ ਦੀ ਟੈਂਕੀ ਡਿੱਗ ਗਈ। ਇਸ ਘਟਨਾ 'ਚ 6 ਲੋਕ ਜ਼ਖਮੀ ਹੋ ਗਏ, ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ।"


ਬਚਾਅ ਕਾਰਜ ਜਾਰੀ ਹੈ 


ਮਥੁਰਾ ਦੇ ਐੱਸਐੱਸਪੀ ਸ਼ੈਲੇਸ਼ ਪਾਂਡੇ ਨੇ ਇਸ ਘਟਨਾ 'ਤੇ ਕਿਹਾ, "ਕ੍ਰਿਸ਼ਣ ਵਿਹਾਰ ਕਾਲੋਨੀ ਵਿੱਚ ਮੀਂਹ ਦੌਰਾਨ ਇੱਕ ਪਾਣੀ ਦੀ ਟੈਂਕੀ ਡਿੱਗ ਗਈ। ਘਟਨਾ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਈਆਂ। ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।" ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਅਤੇ ਫੌਜ ਦੀਆਂ ਟੀਮਾਂ ਬਚਾਅ ਕਾਰਜ ਲਈ ਜਲਦੀ ਹੀ ਇੱਥੇ ਪਹੁੰਚ ਜਾਣਗੀਆਂ।”


ਮਥੁਰਾ ਸਰਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ 


ਦੱਸ ਦਈਏ ਕਿ ਮਥੁਰਾ ਦੇ ਕੋਤਵਾਲੀ ਥਾਣਾ ਖੇਤਰ 'ਚ ਸਥਿਤ ਕ੍ਰਿਸ਼ਨਾ ਵਿਹਾਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਪਾਣੀ ਦੀ ਟੈਂਕੀ ਅਚਾਨਕ ਤਾਸ਼ਾ ਦੇ ਪੱਤਿਆਂ ਵਾਂਗ ਡਿੱਗ ਗਈ। ਕਈ ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਹਨ। ਹਾਦਸੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।