ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦੇ ਓਐਸਡੀ ਤੋਂ ਮੰਗਲਵਾਰ ਦੇਰ ਰਾਤ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਕਾਰ ਲੁੱਟ ਲਈ। ਹਾਲਾਂਕਿ ਫੜੇ ਜਾਣ ਦੇ ਡਰ ਕਰਕੇ ਉਹ ਕਾਰ ਛੱਡ ਕੇ ਫਰਾਰ ਵੀ ਹੋ ਗਏ। ਪੁਲਿਸ ਨੇ ਦੱਸਿਆ ਕਿ ਦਿੱਲੀ ਦੇ ਨਿਜ਼ਾਮੁਦੀਨ ਥਾਣਾ ਖੇਤਰ ਤੋਂ ਕਾਰ ਲੁੱਟ ਕੇ ਬਦਮਾਸ਼ ਨੋਇਡਾ ਵੱਲ ਭੱਜ ਗਏ। ਦਿੱਲੀ ਪੁਲਿਸ ਨੂੰ ਲੁੱਟ ਦੀ ਖ਼ਬਰ ਮਿਲਦਿਆਂ ਹੀ ਨੋਇਡਾ ਪੁਲਿਸ ਨੇ ਘੇਰਾਬੰਦੀ ਕਰ ਦਿੱਤੀ। ਇਸ ਪਿੱਛੋਂ ਫੜੇ ਜਾਣ ਦੇ ਡਰੋਂ ਬਦਮਾਸ਼ ਸੈਕਟਰ-2 ਵਿੱਚ ਹੀ ਕਾਰ ਛੱਡ ਕੇ ਭੱਜ ਗਏ।

ਐਸਐਸਪੀ ਵੈਭਵ ਕ੍ਰਿਸ਼ਣਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੱਡਾ ਦੇ ਓਐਸਡੀ ਆਦਿੱਤਿਆ ਆਪਣੀ ਸਵਿਫਟ ਡਿਜ਼ਾਇਰ ਕਾਰ ਤੋਂ ਦਿੱਲੀ ਦੇ ਨਿਜ਼ਾਮੁਦੀਨ ਥਾਣਾ ਖੇਤਰ ਤੋਂ ਗੁਜ਼ਰ ਰਹੇ ਸੀ। ਇਸੇ ਦੌਰਾਨ ਬਾਰਾਪੁਲਾ ਕੋਲ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੋਕਿਆ ਤੇ ਉਨ੍ਹਾਂ ਦੀ ਕਾਰ ਲੁੱਟ ਕੇ ਭੱਜ ਗਏ। ਫਿਰ ਆਦਿੱਤਿਆ ਨੇ ਦਿੱਲੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਸ ਪਿੱਛੋਂ ਜਦੋਂ ਬਦਮਾਸ਼ਾਂ ਦੇਖਿਆ ਕੇ ਨੋਇਡਾ ਪੁਲਿਸ ਚੈਕਿੰਗ ਕਰ ਰਹੀ ਹੈ ਤਾਂ ਉਹ ਕਾਰ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਫਿਲਹਾਲ ਨੋਇਡਾ ਪੁਲਿਸ ਨੇ ਕਾਰ ਬਰਾਮਦ ਕਰਕੇ ਦਿੱਲੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।