ਨਵੀਂ ਦਿੱਲੀ: ਕਾਂਗਰਸ ਨੇ ਦੇਰ ਰਾਤ ਲੋਕਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ‘ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਗ ਦੀ ਪਤਨੀ ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਸੁਬੋਧ ਕਾਂਤ ਸਹਾਏ ਦਾ ਨਾਂਅ ਸ਼ਾਮਲ ਹੈ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਪਟਿਆਲਾ ਤੋਂ ਲੋਕਸਭਾ ਸੀਟ ਦਾ ਟਿਕਟ ਦਿੱਤਾ ਗਿਆ ਹੈ।


ਉਧਰ ਪਵਨ ਕੁਮਾਰ ਬਾਂਸਲ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ। 2014 ‘ਚ ਬਾਂਸਲ ਬੀਜੇਪੀ ਦੀ ਕਿਰਨ ਖੇਰ ਤੋਂ ਹਾਰ ਗਏ ਸੀ। ਪੰਜਾਬ ‘ਚ ਕਾਂਗਰਸ ਨੇ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਝਲਾ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਜਲੰਧਰ ਤੋਂ ਸੰਤੋਸ਼ ਸਿੰਘ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ।


20 ਉਮੀਦਵਾਰਾਂ ‘ਚ ਪੰਜਾਬ ਦੇ ਛੇ, ਗੁਜਰਾਤ ਤੋਂ ਚਾਰ, ਝਾਰਖੰਡ ਤੋਂ ਤਿੰਨ, ਓਡੀਸਾ ਅਤੇ ਕਰਨਾਟਕ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼, ਚੰਡਗਿੜ੍ਹ ਅਤੇ ਦਾਦਰ ਨਗਰ ਹਵੇਲੀ ਤੋਂ ਇੱਕ-ਇੱਕ ਉਮੀਦਵਾਰ ਦਾ ਨਾਂਅ ਹੈ। ਕਾਂਗਰਸ ਨੇ ਗੁਜਰਾਤ ਦੇ ਗਾਂਧੀਨਗਰ ਸੀਟ ਤੋਂ ਡਾ. ਸੀਜੇ ਚਾਵੜਾ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਉਤਾਰਿਆ ਹੈ।