ਚੰਡੀਗੜ੍ਹ: ਕਾਂਗਰਸ ਨੇ ਚੰਡੀਗੜ੍ਹ ਤੋਂ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਦਿੱਤੀ ਹੈ। ਉਨ੍ਹਾਂ ਨੂੰ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਘਰ ਢੋਲ ਵਜਾ ਕੇ ਖ਼ੁਸ਼ੀ ਮਨਾਈ ਗਈ। ਬਾਂਸਲ ਦੇ ਗਰੁੱਪ ਨੇ ਟਿਕਟ ਮਿਲਣ 'ਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ ਤੇ ਖੁਸ਼ੀਆਂ ਮਨਾਈਆਂ। ਹਾਲਾਂਕਿ ਕਾਂਗਰਸ ਵੱਲੋਂ ਇਸ ਸਬੰਧੀ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ। ਦੱਸ ਦੇਈਏ ਚੰਡੀਗੜ੍ਹ ਦੀ ਸੀਟ 'ਤੇ ਮਨੀਸ਼ ਤਿਵਾਰੀ ਤੇ ਨਵਜੋਤ ਕੌਰ ਸਿੱਧੂ ਵੱਲੋਂ ਵੀ ਦਾਅਵੇਦਾਰੀ ਪੇਸ਼ ਕੀਤੀ ਗਈ ਸੀ।
ਇਸ ਮੌਕੇ ਬਾਂਸਲ ਨੇ ਕਿਰਨ ਖੇਰ 'ਤੇ ਚੰਡੀਗੜ੍ਹ ਨੂੰ ਖਰਾਬ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਜੋ ਚੰਡੀਗੜ੍ਹ ਦੀ ਦੁਰਦਸ਼ਾ ਹੋ ਚੁੱਕੀ ਹੈ, ਉਸ ਲਈ ਭਾਜਪਾ ਜ਼ਿੰਮੇਦਾਰ ਹੈ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਕਦੇ ਵੀ ਤਿੰਨ ਹਿੱਸਿਆਂ ਵਿੱਚ ਨਹੀਂ ਵੰਡੀ ਗਈ ਸੀ। ਚੰਡੀਗੜ੍ਹ ਵਿੱਚ ਅੱਜ ਵੀ ਕਾਂਗਰਸ ਇਕਜੁੱਟ ਹੋ ਕੇ ਬੀਜੇਪੀ ਦੇ ਖ਼ਿਲਾਫ਼ ਚੋਣ ਲੜੇਗੀ ਤੇ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਏਗੀ।
ਬਾਂਸਲ ਨੇ ਦਾਅਵਾ ਕੀਤਾ ਕਿ ਚੋਣ ਲੜਨ ਦੀ ਸ਼ਹਿਰ ਦੀ ਹਰ ਦਿੱਕਤ ਇੱਕ ਵੱਡਾ ਮਸਲਾ ਰਹੇਗੀ। 2014 ਦੀਆਂ ਚੋਣਾਂ ਬਾਰੇ ਬਾਂਸਲ ਨੇ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਗੁਲਬਾਗ ਦੇ ਲੜਨ ਕਰਕੇ ਕਾਂਗਰਸ ਦੀ ਹਾਰ ਹੋਈ ਸੀ। ਉਨ੍ਹਾਂ ਕਿਹਾ ਕਿ 2014 ਵਿੱਚ ਲੋਕਾਂ ਨੇ ਸਿਲੈਬ੍ਰਿਟੀ ਨੂੰ ਚੁਣਿਆ ਪਰ ਪੰਜ ਸਾਲਾਂ ਵਿੱਚ ਕਿਰਨ ਖੇਰ ਨੇ ਆਪਣਾ ਰੰਗ ਦਿਖਾ ਦਿੱਤਾ ਜਿਸ ਕਰਕੇ ਲੋਕਾਂ ਦੇ ਮਨ ਤੋਂ ਕਿਰਨ ਖੇਰ ਉੱਤਰ ਚੁੱਕੇ ਹਨ।