ਨਵੀਂ ਦਿੱਲੀ: ਜੰਮੂ-ਕਸ਼ਮੀਰ ਲਈ ਵੱਖਰੇ ਪ੍ਰਧਾਨ ਮੰਤਰੀ ਦੀ ਗੱਲ ਕਰਨ ਵਾਲੇ ਨੈਸ਼ਨਲ ਕਾਨਫਰੰਸ ਦੇ ਲੀਡਰ ਉਮਰ ਅਬਦੁੱਲਾ ਖਿਲਾਫ ਬੀਜੇਪੀ ਲੀਡਰ ਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਭੜਕ ਗਏ। ਉਨ੍ਹਾਂ ਕਿਹਾ ਕਿ ਉਮਰ ਅਬਦੁੱਲਾ ਜੰਮੂ ਕਸ਼ਮੀਰ ਲਈ ਵੱਖਰੇ ਪੀਐਮ ਦੀ ਮੰਗ ਕਰ ਰਹੇ ਹਨ ਤੇ ਮੈਂ ਸਮੁੰਦਰ 'ਤੇ ਚੱਲਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਜੇ ਗੱਲ ਸਮਝ ਨਹੀਂ ਆਉਂਦੀ ਤਾਂ ਉਹ ਪਾਕਿਸਤਾਨ ਚਲੇ ਜਾਣ। ਦੱਸ ਦੇਈਏ ਅਬਦੁੱਲਾ ਨੇ ਕਸ਼ਮੀਰ ਲਈ ਵੱਖਰੇ ਪ੍ਰਧਾਨ ਮੰਤਰੀ ਦੀ ਮੰਗ ਕੀਤੀ ਸੀ।


ਬੀਜੇਪੀ ਲੀਡਰਾਂ ਦੇ ਅਨੁਛੇਦ 370 ਖ਼ਤਮ ਕਰਨ ਦਾ ਪੱਖ ਲੈਣ 'ਤੇ ਸਾਬਕਾ ਮੰਤਰੀ ਅਬਦੁੱਲਾ ਨੇ ਕਿਹਾ ਸੀ ਕਿ ਇਹ ਕੋਈ ਆਮ ਚੋਣਾਂ ਨਹੀਂ ਹਨ। ਜੰਮੂ ਕਸ਼ਮੀਰ ਦੀ ਪਛਾਣ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਉਹ ਸ਼ਰਤਾਂ ਨਾਲ ਭਾਰਤ ਨਾਲ ਆਏ ਤਾਂ ਉਹ ਕੋਈ ਯੂਪੀ-ਬਿਹਾਰ ਨਹੀਂ ਹਨ। ਸਾਡਾ ਸੰਵਿਧਾਨ ਵੱਖਰਾ ਹੋਏਗਾ, ਝੰਡੇ ਵੱਖਰੇ ਹੋਣਗੇ ਤੇ ਵੱਖਰੇ ਪ੍ਰਧਾਨ ਮੰਤਰੀ ਦੀ ਵੀ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵਾਪਸ ਲਿਆਉਣਗੇ।

ਅਮਰ ਅਬਦੁੱਲਾ ਦੇ ਇਸ ਬਿਆਨ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਲਟਵਾਰ ਕੀਤਾ ਸੀ। ਹੈਦਰਾਬਾਦ ਦੀ ਰੈਲੀ ਵਿੱਚ ਉਨ੍ਹਾਂ ਪੁੱਛਿਆ ਸੀ ਕਿ ਕੀ ਹਿੰਦੁਸਤਾਨ ਨੂੰ ਦੋ ਪ੍ਰਧਾਨ ਮੰਤਰੀ ਚਾਹੀਦੇ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਤੇ ਮਹਾਗਠਜੋੜ ਦੇ ਸਾਰੇ ਸਾਥੀਆਂ ਨੂੰ ਇਸ 'ਤੇ ਜਵਾਬ ਦੇਣਾ ਹੋਏਗਾ।