ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਪੰਜਾਬ ਦੇ ਜਲੰਧਰ ਤੋਂ ਸ਼ੱਕੀ ਪਾਕਿਸਤਾਨੀ ਸਮਰਥਕ ਦੋ ਕਸ਼ਮੀਰੀ ਹੈਕਰਾਂ ਨੂੰ ਗ੍ਰਿਫ਼ਤਾਰ ਕੀਤਾ। ਵਿਸ਼ੇਸ਼ ਪੁਲਿਸ ਕਮਿਸ਼ਨਰ (ਵਿਸ਼ੇਸ਼ ਇਕਾਈ) ਪੀਐਸ ਕੁਸ਼ਵਾਹ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਨੇ 500 ਤੋਂ ਵੀ ਜ਼ਿਆਦਾ ਭਾਰਤੀ ਵੈਬਸਾਈਟਾਂ ਹੈਕ ਕੀਤੀਆਂ ਹਨ।

 

ਹੈਕਰਾਂ ਦੀ ਪਛਾਣ ਸ਼ਾਹਿਦ ਮਾਨਾ (28), ਜਿਸ ਨੂੰ ਬੀਤੀ ਰਾਤ ਰਾਜਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੂਜਾ ਆਦਿਲ ਹੁਸੈਨ (20) ਵਾਸੀ ਅਨੰਤਨਾਗ (ਕਸ਼ਮੀਰ) ਵਜੋਂ ਹੋਈ ਹੈ। ਆਦਿਲ ਹੁਸੈਨ ਜਲੰਧਰ ਦੇ ਨਿੱਜੀ ਕਾਲਜ ਵਿੱਚ ਬੀਟੈੱਕ ਦੀ ਪੜ੍ਹਾਈ ਕਰਦਾ ਹੈ। ਦਿੱਲੀ ਸਾਈਬਰ ਸੈੱਲ ਦੀ ਟੀਮ ਨੇ ਆਦਿਲ ਨੂੰ ਉਸ ਦੇ ਪੀਜੀ ਤੋਂ ਗ੍ਰਿਫ਼ਤਾਰ ਕੀਤਾ। ਜਲੰਧਰ ਦੇ ਪੁਲਿਸ ਕਮਿਸ਼ਨਰ ਪਰਵੀਨ ਸੈਣੀ ਨੇ ਦੱਸਿਆ ਕਿ ਦਿੱਲੀ ਪੁਲਿਸ ਮੁਤਾਬਕ  ਆਦਿਲ ਨੇ ਭਾਰਤ ਸਰਕਾਰ ਦੀ ਵੈਬਸਾਈਟ ਹੈਕ ਕਰ ਕੇ ਉਸ ’ਤੇ ਪਾਕਿਸਤਾਨੀ ਕਨਟੈਂਟ ਪਾ ਦਿੱਤਾ ਸੀ।

ਦੋਵਾਂ ਦੀ ਗ੍ਰਿਫ਼ਤਾਰੀ ਗੁਪਤ ਸੂਚਨੇ ਦੇ ਆਧਾਰ ’ਤੇ 26 ਤੇ 27 ਅਪਰੈਲ ਨੂੰ ਛਾਪੇਮਾਰੀ ਦੌਰਾਨ ਹੋਈ। ਪੁਲਿਸ ਮੁਤਾਬਕ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਤੇ ਉਨ੍ਹਾਂ ਤੋਂ ਬਰਾਮਦ ਚੀਜ਼ਾਂ ਤੋਂ ਸਪਸ਼ਟ ਹੈ ਕਿ ਦੋਵੇਂ ਦੋਸ਼ ਧਰੋਹੀ ਹੈਕਿੰਗ ਸਮੂਹ ‘ਟੀਮ ਹੈਕਰਸ ਥਰਡ ਆਈ’ ਦਾ ਹਿੱਸਾ ਸਨ। ਇਨ੍ਹਾਂ ’ਤੇ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਜ਼ਰੀਏ ਸਰਕਾਰ ਵੱਲੋਂ ਸੋਸ਼ਲ ਮੀਡੀਆ ’ਤੇ ਲਾਈ ਪਾਬੰਧੀ ਤੋੜ ਕੇ ਨੈੱਟ ਦਾ ਇਸਤੇਮਾਲ ਸਿਖਾਉਣ ਦਾ ਵੀ  ਇਲਜ਼ਾਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦਾ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਹੈਕਰਾਂ ਨਾਲ ਵੀ ਸੰਪਰਕ ਹੈ। ਇਨ੍ਹਾਂ ਨੇ ਭਾਰਤ ਵਿਰੋਧੀ ਕੰਟੈਂਟ ਪੋਸਟ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਇਨ੍ਹਾਂ ਦੀ ਮਦਦ ਕਰ ਰਹੀ ਹੈ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਦੋਵਾਂ ਕੋਲੋਂ ਲੈਪਟਾਪ, ਮੋਬਾਈਲ ਫ਼ੋਨ, ਸਿਮ ਕਾਰਡ, ਇੰਟਰਨੈੱਟ ਡੌਂਗਲ ਤੇ ਮੈਮਰੀ ਡਿਵਾਇਸ ਬਰਾਮਦ ਕੀਤੀ ਜਿਸ ਦੀ ਦਿੱਲੀ ਪੁਲਿਸ ਵੱਲੋਂ ਫੋਰੈਂਸਿਕ ਜਾਂਚ ਕੀਤੀ ਜਾਵੇਗੀ।