ਨਵੀਂ ਦਿੱਲੀ: ਤੀਸ ਹਜ਼ਾਰੀ ਕੋਰਟ ‘ਚ ਵਕੀਲਾਂ ਨਾਲ ਹੋਈ ਝੜਪ ਤੋਂ ਬਾਅਦ ਦਿੱਲੀ ਦੇ ਕਈ ਪੁਲਿਸ ਮੁਲਾਜ਼ਮ ਪੁਲਿਸ ਮੁੱਖ ਦਫ਼ਤਰ ‘ਤੇ ਪ੍ਰਦਰਸ਼ਨ ਕਰਨ ਪਹੁੰਚ ਗਏ। ਇਸ ਸਾਰੇ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਆਏ ਹਾਂ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੇ ਹੱਥਾਂ ‘ਚ ਤਖਤੀਆਂ ਸੀ, ਜਿਨ੍ਹਾਂ ‘ਤੇ ਕਈ ਤਰ੍ਹਾਂ ਦੇ ਨਾਅਰੇ ਲਿਖੇ ਸੀ।

ਪੁਲਿਸ ਕਰਮੀਆਂ ਦਾ ਕਹਿਣਾ ਸੀ ਕਿ ਅਸੀਂ ਇਨਸਾਫ ‘ਚ ਬਰਾਬਰੀ ਦੀ ਮੰਗ ਕਰ ਰਹੇ ਹਾਂ। ਉਧਰ ਪ੍ਰਦਰਸ਼ਨ ਕਰਨ ਆਏ ਪੁਲਿਸ ਵਾਲਿਆਂ ਨਾਲ ਡੀਸੀਪੀ ਈਸ਼ ਸਿੰਗਲ ਨੇ ਗੱਲਬਾਤ ਕੀਤੀ। ਸਿੰਘਲ ਨੇ ਕਿਹਾ, “ਸਾਰੇ ਸੀਨੀਅਰ ਅਧਿਕਾਰੀਆਂ ਨੂੰ ਫਿਕਰ ਹੈ, ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਤੁਹਾਡਾ ਇੱਥੇ ਆਉਣਾ ਬੇਕਾਰ ਨਹੀਂ ਜਾਵੇਗਾ।” ਉਧਰ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਵੱਲੋਂ ਕੁਝ ਨਹੀਂ ਕਿਹਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਮਾਮਲੇ ‘ਚ ਉੱਤਰੀ ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਸੰਜੇ ਸਿੰਘ ਨੂੰ ਹਟਾ ਦਿੱਤਾ ਹੈ। ਦੱਖਣੀ ਦਿੱਲੀ ਦੇ ਪੁਲਿਸ ਕਮਿਸ਼ਨਰ ਆਰਐਸ ਕ੍ਰਿਸ਼ਨੀਆ ਨੂੰ ਉੱਤਰੀ ਦਿੱਲੀ ਦਾ ਵਾਧੂ ਭਾਰ ਦਿੱਤਾ ਗਿਆ ਹੈ। ਤੀਸ ਹਜ਼ਾਰੀ ਕੋਰਟ ‘ਚ ਹੋਈ ਘਟਨਾ ਤੋਂ ਬਾਅਦ 1990 ਬੈਚ ਦੇ ਆਈਪੀਐਸ ਅਧਿਕਾਰੀ ਸੰਜੇ ਸਿੰਘ ਨੂੰ ਫਿਲਹਾਲ ਅਸਥਾਈ ਸਮੇਂ ਲਈ ਕੋਈ ਤਾਇਨਾਤੀ ਨਹੀਂ ਦਿੱਤੀ ਗਈ।

ਤੀਸ ਹਜ਼ਾਰੀ ਕੋਰਟ ‘ਚ ਦਿੱਲੀ ਪੁਲਿਸ ਤੇ ਵਕੀਲਾਂ ‘ਚ ਐਤਵਾਰ ਨੂੰ ਦਿੱਲੀ ਹਾਈਕੋਰਟ ‘ਚ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ‘ਚ ਵਕੀਲਾਂ ‘ਤੇ ਗੋਲੀ ਚਲਾਈ ਗਈ ਸੀ। ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਨੇ ਜਾਂਚ ਲਈ ਰਿਟਾਇਰਡ ਜੱਜ ਐਸਪੀ ਗਰਗ ਦੀ ਨੁਮਾਇੰਦਗੀ ‘ਚ ਕਮੇਟੀ ਵੀ ਬਣਾਈ। ਇਸ ਦੀ ਮਦਦ ਲਈ ਸੀਬੀਆਈ, ਵਿਜੀਲੈਂਸ ਤੇ ਆਈਬੀ ਦੇ ਡਾਇਰੈਕਟਰਸ ਨੂੰ ਕਿਹਾ ਗਿਆ ਹੈ।