ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ 17 ਸਾਲ ਦੇ ਸਭ ਤੋਂ ਸੰਘਣੇ ਧੂੰਏਂ ਤੇ ਪ੍ਰਦੂਸ਼ਣ ਤੋਂ ਬੇਹਾਲ ਹੈ। ਹਾਲਤ ਖ਼ਰਾਬ ਹੁੰਦੀ ਵੇਖ ਕੇਜਰੀਵਾਲ ਨੇ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ ਤੇ ਕਈ ਅਹਿਮ ਫ਼ੈਸਲੇ ਲਏ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਪਹਿਲਾਂ ਹੀ ਪ੍ਰਦੂਸ਼ਿਤ ਸੀ ਤੇ ਹਾਲਤ ਹੁਣ ਹੋਰ ਖ਼ਰਾਬ ਹੋ ਗਈ। ਇਸ ਕਾਰਨ ਸਰਕਾਰ ਵੱਲੋਂ ਕੁਝ ਠੋਸ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਹਾਲਤ ਹੋਰ ਖ਼ਰਾਬ ਨਾ ਹੋ ਸਕੇ।


ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਔਡ-ਈਵਨ ਫਿਰ ਤੋਂ ਦਿੱਲੀ ਵਿੱਚ ਲਾਗੂ ਹੋ ਸਕਦਾ ਹੈ। ਸਕੂਲਾਂ ਨੂੰ ਅਗਲੇ ਤਿੰਨ ਦਿਨ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਨੇ ਮਾਹਿਰਾਂ ਦੀ ਸਲਾਹ ਨਾਲ ਜੋ ਫ਼ੈਸਲੇ ਲਏ ਹਨ, ਉਸ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦੀ ਉਸਾਰੀ ਦਿੱਲੀ ਵਿੱਚ ਨਹੀਂ ਹੋਵੇਗੀ। ਸੜਕਾਂ ਉੱਤੇ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ। ਦਿੱਲੀ ਵਿੱਚ ਅਗਲੇ 10 ਦਿਨਾਂ ਲਈ ਜਨਰੇਟਰ ਪੂਰੀ ਤਰ੍ਹਾਂ ਬੰਦ ਰਹਿਣਗੇ।

ਹਸਪਤਾਲਾਂ ਨੂੰ ਇਸ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਬਦਰਪੁਰ ਪਲਾਂਟ ਅਗਲੇ 10 ਦਿਨਾਂ ਲਈ ਬੰਦ ਰਹੇਗਾ। ਸੜਕਾਂ ਹਫ਼ਤੇ ਵਿੱਚ ਇੱਕ ਦਿਨ ਹੀ ਸਾਫ਼ ਹੋਣਗੀਆਂ। ਲੋਕਾਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨਕਲੀ ਮੀਂਹ ਉੱਤੇ ਵੀ ਵਿਚਾਰ ਕਰ ਰਹੀ ਹੈ ਪਰ ਇਸ ਲਈ ਕੇਂਦਰ ਤੋਂ ਆਗਿਆ ਲੈਣੀ ਹੋਵੇਗੀ। ਦਿੱਲੀ ਵਿੱਚ ਪ੍ਰਦੂਸ਼ਣ ਦੀ ਹਾਲਤ ਇਹ ਹੈ ਕਿ 100 ਮੀਟਰ ਦੀ ਦੂਰੀ ਤੋਂ ਵੀ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਦਿੱਲੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮਾਸਕ ਦੀ ਵਿਕਰੀ ਵਧ ਗਈ ਹੈ।