ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਪ੍ਰਦੂਸ਼ਣ ਨੇ ਪਿਛਲੇ 17 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੂਰੀ ਦਿੱਲੀ ਵਿੱਚ ਧੂੰਆਂ ਛਾਇਆ ਹੋਇਆ ਹੈ। ਖ਼ਰਾਬ ਹਵਾ ਕਾਰਨ ਲੋਕਾਂ ਦੀ ਸਿਹਤ ਵਿਗੜ ਰਹੀ ਹੈ। ਹਾਲਤ ਇਹ ਹੈ ਕਿ ਧੂੰਏ ਨੂੰ ਮਾਪਣ ਵਾਲੇ ਮੀਟਰ ਵੀ ਹੁਣ ਫ਼ੇਲ੍ਹ ਹੋ ਚੁੱਕੇ ਹਨ। ਦਿੱਲੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਚਾਦਰ ਪਸਰੀ ਹੋਈ ਹੈ।
ਇਸੇ ਗੱਲ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਨੇ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਸਰਕਾਰ ਨੇ ਪਹਿਲਾਂ ਹੀ ਸੋਮਵਾਰ ਤੱਕ ਰਾਜਧਾਨੀ ਦੇ 1800 ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਕੁਝ ਲੋਕਾਂ ਨੇ ਜੰਤਰ-ਮੰਤਰ ਉੱਤੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਹਰਿਆਣਾ ਤੇ ਪੰਜਾਬ ਦੇ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਕਾਰਨ ਰਾਜਧਾਨੀ ਦੇ ਅਸਮਾਨ ਵਿੱਚ ਧੂੰਆਂ ਛਾਇਆ ਹੈ। ਕੇਜਰੀਵਾਲ ਨੇ ਆਖਿਆ ਹੈ ਕਿ ਕੁਝ ਸਮੇਂ ਲਈ ਸਕੂਲ ਬੰਦ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ। ਇਸ ਲਈ ਹਾਲਤ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।
ਦੂਜੇ ਪਾਸੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦਾ ਕਹਿਣਾ ਹੈ ਕਿ ਅਨੰਦ ਵਿਹਾਰ, ਆਰ.ਕੇ. ਪੁਰਮ ਵਿੱਚ ਪ੍ਰਦਰਸ਼ਨ ਦਾ ਪੱਧਰ PM10 ਤੋਂ ਵੀ ਜ਼ਿਆਦਾ ਹੋ ਗਿਆ ਹੈ। ਹਵਾ ਜ਼ਹਿਰੀਲੀ ਹੋਣ ਕਾਰਨ ਮਾਹਿਰਾਂ ਨੇ ਲੋਕਾਂ ਨੂੰ ਮਾਸਕ ਪਾ ਕੇ ਬਾਹਰ ਨਿਕਲਣ ਲਈ ਆਖਿਆ ਹੈ।