ਨਵੀਂ ਦਿੱਲੀ: "ਐਨਡੀਟੀਵੀ ਇੰਡੀਆ" ਚੈਨਲ ਉੱਤੇ ਇੱਕ ਦਿਨ ਦੀ ਪਾਬੰਦੀ ਦੀ ਕਾਰਵਾਈ ਤੋਂ ਬਾਅਦ ਸਰਕਾਰ ਨੇ ਦੋ ਹੋਰ ਚੈਨਲਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਸਰਕਾਰ ਨੇ "ਨਿਊਜ਼ ਟਾਈਮ ਅਸਮ" ਚੈਨਲ ਨੂੰ ਇੱਕ ਦਿਨ ਲਈ ਤੇ ਕੇਅਰ ਵਰਲਡ ਚੈਨਲ ਨੂੰ ਸੱਤ ਦਿਨ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ।
'ਨਿਊਜ਼ ਟਾਈਮ' ਅਸਮ ਦਾ ਨਿਊਜ਼ ਚੈਨਲ ਹੈ। ਇਸ ਚੈਨਲ ਉੱਤੇ ਪ੍ਰੋਗਰਾਮਿੰਗ ਦਿਸ਼ਾ-ਨਿਰਦੇਸ਼ ਦੇ ਉਲੰਘਣ ਦੇ ਦੋਸ਼ ਲੱਗੇ ਹਨ। ਇਸ ਵਿੱਚ ਇੱਕ ਇਲਜ਼ਾਮ ਇਹ ਵੀ ਹੈ ਕਿ ਚੈਨਲ ਨੇ ਕੁੱਟਮਾਰ ਦੀ ਸ਼ਿਕਾਰ ਹੋਈ ਨਾਬਾਲਗ ਦੀ ਪਛਾਣ ਜਨਤਕ ਕਰ ਦਿੱਤੀ ਹੈ ਜੋ ਨਿਯਮਾਂ ਦੀ ਉਲੰਘਣਾ ਹੈ। 2 ਨਵੰਬਰ ਨੂੰ ਸੂਚਨਾ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਆਦੇਸ਼ ਅਨੁਸਾਰ "ਨਿਊਜ਼ ਟਾਈਮ ਅਸਮ" ਨੂੰ 9 ਨਵੰਬਰ ਨੂੰ ਇੱਕ ਦਿਨ ਲਈ ਆਫ਼ ਏਅਰ ਕੀਤਾ ਜਾਏਗਾ। ਨਿਊਜ਼ ਟਾਈਮ ਅਸਮ ਤੋਂ ਇਲਾਵਾ ਕੇਅਰ ਵਰਲਡ ਚੈਨਲ ਨੂੰ ਸੱਤ ਦਿਨ ਲਈ ਬੈਨ ਕੀਤਾ ਗਿਆ ਹੈ। ਇਸ ਉੱਤੇ ਦੋਸ਼ ਹੈ ਕਿ ਇਸ ਨੇ ਇਤਰਾਜ਼ਯੋਗ ਪ੍ਰੋਗਰਾਮ ਦਿਖਾਇਆ ਹੈ।
ਐਨਡੀਵੀ ਉੱਤੇ ਦੋਸ਼ ਹੈ ਕਿ ਉਸ ਨੇ ਪਠਾਨਕੋਟ ਹਮਲੇ ਦੇ ਦੌਰਾਨ ਅਜਿਹੀ ਗੱਲ ਜਨਤਕ ਕੀਤੀਆਂ ਹਨ ਜੋ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਹਨ। ਸਰਕਾਰ ਦੇ ਇਸ ਫ਼ੈਸਲਾ ਦਾ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਤੇ ਬੀਐਸਪੀ ਨੇ ਇਸ ਨੂੰ ਬੋਲਣ ਦੀ ਆਜ਼ਾਦੀ ਉੱਤੇ ਹਮਲਾ ਕਰਾਰ ਦਿੱਤਾ ਹੈ।
ਐਨਡੀਟੀਵੀ ਦੀ ਇਸ ਲੜਾਈ ਵਿੱਚ ਕਈ ਪੱਤਰਕਾਰ ਸੰਗਠਨ ਉਸ ਦੇ ਨਾਲ ਖੜ੍ਹੇ ਹੋ ਗਏ ਹਨ। News Broadcasters Association-NBA ਤੇ ਟੀ.ਵੀ. ਸੰਪਾਦਕਾਂ ਦੀ ਸੰਸਥਾ Broadcast Editors’ Association ਨੇ ਸਰਕਾਰ ਉੱਤੇ ਪਾਬੰਦੀ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।