ਨਵੀਂ ਦਿੱਲੀ: ਦਿੱਲੀ ਮੈਟਰੋ ਨੇ ਆਪਣੇ ਸਾਰੇ ਯਾਤਰੀਆਂ ਦੇ ਇੰਤਜ਼ਾਰ ਸਮੇਂ ਨੂੰ ਘਟਾ ਕੇ ਵੱਧ ਤੋਂ ਵੱਧ ਤਿੰਨ ਮਿੰਟ ਕਰਨ ਲਈ ਟਰੇਨਾਂ ਦੀਆਂ ਫੇਰਿਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾਈ ਹੈ। ਦਿੱਲੀ ਮੈਟਰੋ ਵਿੱਚ ਕੁੱਲ 19 ਬਲਾਕਸ ਵਿੱਚੋਂ ਹਾਲੇ ਸਿਰਫ਼ ਤਿੰਨ ਅਜਿਹੇ ਬਲਾਕ ਹਨ, ਜਿੱਥੇ ਟਰੇਨ ਆਉਣ ਦਾ ਸਮਾਂ ਤਿੰਨ ਮਿੰਟ ਜਾਂ ਇਸ ਤੋਂ ਘੱਟ ਹੈ।
ਮੈਟਰੋ ਦੇ ਅਫਸਰਾਂ ਨੇ ਹਾਲ ਹੀ ਵਿੱਚ ਦਿੱਲੀ ਸਰਕਾਰ ਨੂੰ 916 ਨਵੇਂ ਕੋਚ ਖਰੀਦਣ ਦਾ ਪ੍ਰਸਤਾਵ ਭੇਜਿਆ ਹੈ। ਇਸ ਨਾਲ 102 ਨਵੀਆਂ ਟਰੇਨਾਂ ਚਲਾਈਆਂ ਜਾ ਸਕਣਗੀਆਂ। ਨਵੇਂ ਕੋਚਾਂ ਦੀ ਖਰੀਦ ਤੋਂ ਬਾਅਦ ਮੌਜ਼ੂਦਾ ਚਾਰ ਤੇ ਛੇ ਕੋਚਾਂ ਵਾਲੀ ਟਰੇਨਾਂ ਵਿੱਚੋਂ ਵੀ ਹੋਰ ਕੋਚ ਵਧਾਏ ਜਾ ਸਕਣਗੇ।
ਹਾਲਾਂਕਿ, ਪ੍ਰਸਤਾਵ ਨੂੰ ਹਾਲੇ ਕੇਂਦਰ ਤੇ ਸੂਬਾ ਸਰਕਾਰ ਤੋਂ ਮਨਜੂਰੀ ਨਹੀਂ ਮਿਲੀ, ਪਰ ਇਸ ਨਾਲ ਭਾਰੀ ਭੀੜ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਪਿਛਲੇ ਪੰਜ ਸਾਲਾਂ ਦੌਰਾਨ ਮੈਟਰੋ ਵਿੱਚ ਚੱਲਣ ਵਾਲਿਆਂ ਦੀ ਗਿਣਤੀ ਸਾਲਾਨਾ 17.5 ਫੀਸਦ ਵਾਧਾ ਵੇਖਿਆ ਜਾ ਰਿਹਾ ਹੈ।