ਚੰਡੀਗੜ੍ਹ: ਨਿਹੰਗ ਅਮਨ ਸਿੰਘ ਨਾਲ ਮੀਟਿੰਗਾਂ ਕਰਕੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਤੇ ਕੈਲਾਸ਼ ਚੌਧਰੀ ਵੀ ਕਸੂਤੇ ਘਿਰ ਗਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਦੋਵੇਂ ਬੀਜੇਪੀ ਲੀਡਰਾਂ ਦਾ ਅਸਤੀਫਾ ਮੰਗਿਆ ਹੈ। ਇਸ ਦੇ ਨਾਲ ਹੀ ਸੰਯੁਕਤ ਮੋਰਚੇ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤੋਂ ਪਰਦਾ ਚੁੱਕਣ ਲਈ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ।


ਦੱਸ ਦਈਏ ਕਿ ਨਿਹੰਗ ਅਮਨ ਸਿੰਘ ਦੇ ਸਾਥੀਆਂ ਨੇ ਸਿੰਘੂ ਬਾਰਡਰ ਉੱਪਰ ਬੇਅਦਬੀ ਦੇ ਦੋਸ਼ ਵਿੱਚ ਤਰਨ ਤਾਰਨ ਦੇ ਨੌਜਵਾਨ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਨੌਜਵਾਨ ਦਾ ਸਿੰਘੂ ਬਾਰਡਰ ਉੱਪਰ ਪਹੁੰਚਣਾ ਤੇ ਉੱਥੇ ਉਸ ਦਾ ਕਤਲ ਹੋਣਾ ਗੁੱਝਾ ਭੇਤ ਬਣਿਆ ਹੋਇਆ ਹੈ। ਇਸੇ ਦੌਰਾਨ ਨਿਹੰਗ ਅਮਨ ਸਿੰਘ ਦੀਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਕੈਲਾਸ਼ ਚੌਧਰੀ ਨਾਲ ਤਸਵੀਰਾਂ ਸਾਹਮਣੇ ਆ ਗਈਆਂ।


ਕਿਸਾਨ ਜਥੇਬੰਦੀਆਂ ਹੁਣ ਸਾਰੀਆਂ ਕੜੀਆਂ ਜੋੜ ਕੇ ਵੇਖ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇਤਫਾਕ ਨਹੀਂ ਸਗੋਂ ਵੱਡੀ ਸਾਜਿਸ਼ ਹੈ। ਇਸ ਦੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਬਾਰਡਰ ’ਤੇ ਧਰਨੇ ਵਾਲੀ ਥਾਂ ਨੇੜੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।


ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਲਖਬੀਰ ਸਿੰਘ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਲਈ ਪੰਜ ਮੈਂਬਰੀ ਤੱਥ ਖੋਜ ਕਮੇਟੀ ਬਣਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਵਿੱਚ ਮੋਹਰੀ ਰਹੇ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਮੰਤਰੀਆਂ ਨਾਲ ਤਸਵੀਰਾਂ ਆਉਣ ਮਗਰੋਂ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਇਸ ਲਈ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਏ।