ਮੁੰਬਈ : ਨੋਟ ਬੰਦੀ ਤੋਂ ਬਾਅਦ ਬੈਂਕਾਂ ਵਿੱਚ ਪੈਸੇ ਜਮਾਂ ਕਰਵਾਉਣ ਵਾਲੇ ਲੋਕਾਂ ਨੂੰ ਹੁਣ ਆਮਦਨ ਕਰ ਵਿਭਾਗ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਮਦਨ ਕਰ ਵਿਭਾਗ ਨੇ ਨਿਯਮ ਤੋੜਨ ਵਾਲੇ ਲੋਕਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਸ਼ੁਰੂਆਤ ਸਿੱਕਮ ਤੋਂ ਹੋਈ ਹੈ। ਇੱਥੋਂ ਦੀ ਰਾਜਧਾਨੀ ਗੰਗਟੋਕ ਦੀ ਕੰਪਨੀ ਨੂੰ ਆਮਦਨ ਕਰ ਵਿਭਾਗ ਨੇ ਅਜਿਹਾ ਹੀ ਨੋਟਿਸ ਭੇਜਿਆ ਹੈ। ਕੰਪਨੀ ਨੂੰ ਬੈਂਕ ਵਿੱਚ ਜ਼ਿਆਦਾ ਕੈਸ਼ ਜਮਾਂ ਕਰਵਾਉਣ ਲਈ ਨੋਟਿਸ ਭੇਜਿਆ ਗਿਆ ਹੈ। ਆਮਦਨ ਕਰ ਵਿਭਾਗ ਵੱਲੋਂ ਹੁਣ ਤੱਕ 100 ਲੋਕਾਂ ਨੂੰ ਵੱਖ ਵੱਖ ਸ਼ਹਿਰਾਂ ਵਿੱਚ ਨੋਟਿਸ ਭੇਜੇ ਗਏ ਹਨ।
ਵਿੱਤ ਮੰਤਰਾਲੇ ਵੱਲੋਂ ਜਾਰੀ ਆਦੇਸ਼ ਅਨੁਸਾਰ ਬੈਂਕਾਂ ਨੂੰ ਅਜਿਹੇ ਲੋਕਾਂ ਦਾ ਅੰਕੜਾ ਰੱਖਣ ਲਈ ਆਖਿਆ ਗਿਆ ਹੈ ਜਿਨ੍ਹਾਂ ਨੇ ਇੱਕ ਦਿਨ ਵਿੱਚ ਪੰਜਾਹ ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸਾ ਜਮਾ ਕਰਵਾਇਆ ਹੈ।
ਇਸ ਤੋਂ ਬਾਅਦ ਬੈਂਕਾਂ ਨੇ ਆਮਦਨ ਕਰ ਵਿਭਾਗ ਨੂੰ ਅਜਿਹੇ ਲੋਕਾਂ ਦੇ ਵੇਰਵੇ ਦੇਣੇ ਸ਼ੁਰੂ ਕਰ ਦਿੱਤੇ ਹਨ। ਨੋਟਿਸ ਵਾਲੇ ਲੋਕਾਂ ਨੂੰ ਆਪਣੇ ਵੇਰਵਿਆਂ ਸਮੇਤ 25 ਨਵੰਬਰ ਨੂੰ ਆਮਦਨ ਕਰ ਵਿਭਾਗ ਦਫ਼ਤਰ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਹੈ।