ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ। ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਘੜੀ ਜਾ ਰਹੀ ਹੈ। ਅਜਿਹੀਆਂ ਦਲੀਲਾਂ ਨਾਲ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਇਸ ‘ਤੇ ਜਲਦੀ ਹੀ ਸੁਣਵਾਈ ਦੀ ਮੰਗ ਕੀਤੀ ਹੈ।


ਰਾਮ ਰਹੀਮ, ਸਾਧਵੀ ਜ਼ਿਣਸੀ ਸੋਸ਼ਣ ਮਾਮਲੇ ‘ਚ 20 ਸਾਲ ਤੇ ਪੱਤਰਕਾਰ ਛੱਤਰਪਤੀ ਕਤਲ ਕਾਂਡ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ‘ਚ ਕਿਹਾ ਹੈ ਕਿ ਰਾਮ ਰਹੀਮ ‘ਤੇ ਜੇਲ੍ਹ ‘ਚ ਤਿੰਨ ਹਮਲੇ ਹੋ ਚੁੱਕੇ ਹਨ। ਉਸ ਦੇ ਸਮਰੱਥਕਾਂ ਨੂੰ ਜੇਲ੍ਹ ‘ਚ ਮਿਲਣ ਨਹੀਂ ਦਿੱਤਾ ਜਾ ਰਿਹਾ। ਨਾ ਹੀ ਆਰਟੀਆਈ ਰਾਹੀਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਪਟੀਸ਼ਨ ‘ਚ ਰਾਮ ਰਹੀਮ ਨੂੰ ਕੋਰਟ ‘ਚ ਪੇਸ਼ ਕਰਨ ਤੇ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਹਾਈਕੋਰਟ ‘ਚ ਕੀਤੀ ਹੈ। ਰਾਮ ਰਹੀਮ ਤੇ ਉਸ ਦੀ ਪਤਨੀ ਕਈ ਵਾਰ ਪੈਰੋਲ ਦੀ ਅਰਜ਼ੀ ਲਾ ਚੁੱਕੇ ਹਨ, ਪਰ ਅਦਾਲਤ ਵਲੋਂ ਇਸ ਨੂੰ ਖਾਰਜ਼ ਕੀਤਾ ਗਿਆ ਸੀ।