ਸਿਰਸਾ: ਸਿਰਸਾ ਦੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਹੋਣ ਪਿੱਛੋਂ ਡੇਰੇ ਵਿੱਚ ਹੋਣ ਵਾਲੇ ਸਤਿਸੰਗ ਜਾਂ ਹੋਰ ਸਮਾਗਮਾਂ ਵਿੱਚ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਸਿਰਸਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਡੇਰਾ ਪ੍ਰਬੰਧਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਗਮ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।

 

ਅੱਜ ਡੇਰਾ ਸਿਰਸਾ ਦੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਹੋਣ ਵਾਲੇ ਸਮਾਗਮ ਸਬੰਧੀ ਵੀ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਇਸ ਦੇ ਬਾਵਜੂਦ ਰਾਮ ਰਹੀਮ ਦੇ ਪ੍ਰਸ਼ੰਸਕ ਡੇਰੇ ਦਾ ਸਥਾਪਨਾ ਦਿਵਸ ਮਨਾਉਣ ਲਈ ਡੇਰਾ ਪੁੱਜੇ। ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਡੇਰੇ ਦੇ ਆਸ-ਪਾਸ ਨਾਕੇ ਲਾਏ ਹਨ ਤੇ ਸਿਰਸਾ ਨੂੰ ਆਉਣ-ਜਾਣ ਵਾਲੇ ਰਸਤਿਆਂ ’ਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਡੇਰੇ ਦੀ ਸਥਾਪਨਾ 29 ਅਪਰੈਲ, 1948 ਨੂੰ ਸ਼ਾਹ ਮਸਤਾਨਾ ਬਲੋਚਸਤਾਨੀ ਨੇ ਕੀਤੀ ਸੀ। ਇਸ ਪਿੱਛੋਂ ਹਰ ਸਾਲ ਡੇਰੇ ਦਾ ਸਥਾਪਨਾ ਦਿਵਸ ਮਨਾਇਆ ਜਾਣ ਲੱਗਾ। 29 ਅਪ੍ਰੈਲ 2007 ਨੂੰ ਡੇਰੇ ਦੇ ਸਥਾਪਨਾ ਦਿਵਸ ਮੌਕੇ ਰਾਮ ਰਹੀਮ ਨੇ ਸਿਰਸਾ ਵਿੱਚ ਪਹਿਲੀ ਵਾਰ ਆਪਣੇ ਪੈਰੋਕਾਰਾਂ ਨੂੰ ‘ਜਾਮ-ਏ-ਇਨਸਾਂ’ ਪਿਲਾਇਆ ਸੀ। ਇਸ ਲਈ ਡੇਰਾ ਪ੍ਰਬੰਧਕਾਂ ਵੱਲੋਂ ‘ਜਾਮ-ਏ-ਇਨਸਾਂ’ ਦਿਵਸ ਵੀ ਮਨਾਇਆ ਜਾਂਦਾ ਹੈ। ‘ਜਾਮ-ਏ-ਇਨਸਾਂ’ ਨੂੰ ਲੈ ਕੇ ਸਿੱਖਾਂ ਤੇ ਰਾਮ ਰਹੀਮ ਵਿਚਾਲੇ ਵਿਵਾਦ ਪੈਦਾ ਹੋ ਗਿਆ ਜੋ ਕਾਫ਼ੀ ਲੰਮਾ ਸਮਾਂ ਚੱਲਿਆ।

ਸਿਰਸਾ ਦੇ ਤਹਿਸੀਲਦਾਰ ਸੰਜੇ ਚੌਧਰੀ ਨੇ ਕਿਹਾ ਕਿ ਡੇਰੇ ਦੇ ਸਥਾਪਨਾ ਦਿਵਸ ਸਬੰਧੀ ਉਨ੍ਹਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਤਿੰਨ ਕੰਪਨੀਆਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਡੇਰਾ ਪ੍ਰਬੰਧਕਾਂ ਨੂੰ ਬਾਹਰੀ ਗਤੀਵਿਧੀਆਂ ਲਈ ਮਨ੍ਹਾ ਕੀਤਾ ਗਿਆ ਹੈ ਤੇ ਨਾ ਹੀ ਮਜਲਿਸ ਕਰਨ ਕੀ ਆਗਿਆ ਦਿੱਤੀ ਗਈ ਹੈ। ਗ਼ੌਰ ਕਰਨ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਦੀ ਮਨਾਹੀ ਦੇ ਬਾਵਜੂਦ ਡੇਰੇ ਵਿੱਚ ਵੱਡੀ ਗਿਣਤੀ ਲੋਕਾਂ ਦਾ ਇਕੱਠ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਨਾਕਾਮੀ ਸਿੱਧ ਕਰਦਾ ਹੈ।