ਨਵੀਂ ਦਿੱਲੀ: ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉੱਡੀ ਇੱਕ ਉਡਾਣ ਨੂੰ ਕੁਝ ਗੜਬੜੀ ਪਾਏ ਜਾਣ ਤੋਂ ਬਾਅਦ ਹੰਗਾਮੀ ਹਾਲਤ ਵਿੱਚ ਤੁਰੰਤ ਉਤਾਰ ਲਿਆ ਗਿਆ। ਜਹਾਜ਼ ਵਿੱਚ 180 ਮੁਸਾਫ਼ਰ ਸਵਾਰ ਸਨ ਤੇ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ। ਉਡਾਣ ਤੋਂ ਬਾਅਦ ਮੁਸਾਫ਼ਰ ਤਕਰੀਬਨ ਅੱਧਾ ਘੰਟੇ ਤੋਂ ਵੱਧ ਸਮਾਂ ਹਵਾ ਵਿੱਚ ਰਹੇ।
ਏਅਰਲਾਈਨਜ਼ ਮੁਤਾਬਕ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਨੰਬਰ ਏਆਈ-825 ਨੇ ਸਵੇਰੇ ਸਵਾ ਦਸ ਵਜੇ ਸ਼੍ਰੀਨਗਰ ਲਈ ਉਡਾਣ ਭਰੀ ਸੀ ਪਰ ਤਕਨੀਕੀ ਖ਼ਰਾਬੀ ਆ ਜਾਣ 'ਤੇ 10:55 'ਤੇ ਇਸ ਨੂੰ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਵਿੱਚ ਆਈ ਖ਼ਰਾਬੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਸਾਫ਼ਰਾਂ ਲਈ ਹੋਰ ਉਡਾਣ ਦਾ ਬੰਦੋਬਸਤ ਕੀਤਾ ਗਿਆ ਹੈ।