ਮੁੰਬਈ: ਮਹਾਰਾਸ਼ਟਰ ਵਿੱਚ ਇਸ ਸਮੇਂ ਚਾਰ ਦਹਾਕਿਆਂ ਦਾ ਸਭ ਤੋਂ ਬੁਰਾ ਸੋਕਾ ਪਿਆ ਹੋਇਆ ਹੈ। ਇਸ ਦੇ ਬਾਵਜੂਦ ਇੱਥੋਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਪੂਰੇ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ। ਇਹ ਦਾਰੂ ਦੇ ਕਾਰਖਾਨੇ ਜ਼ਿਆਦਾਤਰ ਉੱਘੇ ਸਿਆਸਤਨਾਂ ਦੀ ਹੀ ਮਲਕੀਅਤ ਹਨ ਤੇ ਕਿੱਲਤ ਦੇ ਬਾਵਜੂਦ ਇੱਥੇ ਪਾਣੀ ਦੀ ਬੇਤਹਾਸ਼ਾ ਵਰਤੋਂ ਹੋ ਰਹੀ ਹੈ।


ਸੂਬੇ ਦੇ ਖੁਸ਼ਕ ਇਲਾਕੇ ਮਰਾਠਵਾੜਾ ਦੇ ਜ਼ਿਲ੍ਹੇ ਔਰੰਗਾਬਾਦ ਵਿੱਚ 16 ਵੱਡੀਆਂ ਸ਼ਰਾਬ ਫੈਕਟਰੀਆਂ ਹਨ, ਜਿਨ੍ਹਾਂ ਵਿੱਚ ਕਿੰਗਫਿਸ਼ਰ, ਕਾਰਲਸਬਰਗ, ਫੌਸਟਰ, ਹੈਨੀਕੈਨ ਆਦਿ ਬਰਾਂਡ ਵੀ ਸ਼ਾਮਲ ਹਨ। ਪੂਰੇ ਇਲਾਕੇ ਵਿੱਚ 129 ਫੈਕਟਰੀਆਂ ਹਨ ਜੋ ਭਾਰਤ ਵਿੱਚ ਤਿਆਰ ਹੁੰਦੀ ਵਿਦੇਸ਼ੀ ਸ਼ਰਾਬ (IMFL) ਤੇ ਦੇਸੀ ਸ਼ਰਾਬ ਤਿਆਰ ਕਰਦੀਆਂ ਹਨ। ਇਹ ਫੈਕਟਰੀਆਂ ਜ਼ਿਆਦਾਤਰ ਨਿੱਜੀ ਟੈਂਕਰ ਕੰਪਨੀਆਂ ਤੋਂ ਪਾਣੀ ਖਰੀਦਦੇ ਹਨ, ਜੋ ਪਾਣੀ ਡੈਮਜ਼ ਤੋਂ ਲਿਆਉਂਦੇ ਹਨ। ਸਥਾਨਕ ਸਮਾਜਕ ਕਾਰਕੁੰਨ ਮੁਤਾਬਕ ਔਰੰਗਾਬਾਦ ਦੇ ਜੈਕਵਾੜੀ ਬੰਨ੍ਹ ਦਾ 60% ਪਾਣੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਲੈ ਜਾਂਦੀਆਂ ਹਨ।

ਉੱਧਰ, ਮਰਾਠਵਾੜਾ ਦੇ ਅੱਠ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਟੈਂਕਰਾਂ ਰਾਹੀਂ ਹਫ਼ਤੇ ਵਿੱਚ ਸਿਰਫ ਇੱਕ ਵਾਰ ਮਿਲਦਾ ਹੈ। ਲੋਕ ਪ੍ਰਾਈਵੇਟ ਟੈਂਕਰ ਵਾਲਿਆਂ ਤੋਂ ਪਾਣੀ ਖਰੀਦਣ ਲਈ ਮਜਬੂਰ ਹਨ। ਵਰਧਮਾਨ ਪਰਿਵਾਰ ਨਾਂਅ ਦੀ ਚੈਰੀਟੇਬਲ ਸੰਸਥਾ ਦੇ ਪ੍ਰਧਾਨ ਕੇਸ਼ਰੀਚੰਦ ਮਹਿਤਾ ਦਾ ਕਹਿਣਾ ਹੈ ਕਿ ਇੱਕ ਡਿਸਟਿਲਰੀ ਨੂੰ 350 ਲੱਖ ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਸਰਕਾਰ ਨੂੰ ਇਹ ਫੈਕਟਰੀਆਂ ਮਾਨਸੂਨ ਦੇ ਆਉਣ ਤਕ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਮਾਨਸੂਨ ਤਕ ਬੰਦ ਕਰਨ ਦੇ ਹੁਕਮ ਪ੍ਰਾਪਤ ਨਹੀਂ ਹੋਏ।