ਨਵੀਂ ਦਿੱਲੀ: ਹਵਾਬਾਜ਼ੀ ਅਥਾਰਟੀ ਨੇ ਏਅਰ ਇੰਡੀਆ ਦੇ ਪਾਇਲਟਾਂ ਦੇ ਮੁਖੀ ਦੇ ਸ਼ਰਾਬ ਟੈਸਟ ਵਿੱਚੋਂ ਫੇਲ੍ਹ ਹੋ ਜਾਣ ਤੋਂ ਬਾਅਦ ਉਨ੍ਹਾਂ ਦਾ ਲਾਈਸੰਸ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਉਹ ਤਿੰਨ ਸਾਲ ਤਕ ਜਹਾਜ਼ ਨਹੀਂ ਉਡਾ ਸਕਣਗੇ।


ਬੀਤੇ ਐਤਵਾਰ ਨੂੰ ਏਅਰ ਇੰਡੀਆ ਦੇ ਡਾਇਰੈਕਟਰ ਆਪ੍ਰੇਸ਼ਨਜ਼ ਅਰਵਿੰਦ ਕਥਪਾਲੀਆ ਉਡਾਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਅਲਕੋਹਲ ਟੈਸਟ ਨੂੰ ਪਾਸ ਕਰਨ ਵਿੱਚ ਅਸਫ਼ਲ ਰਹੇ। ਉਨ੍ਹਾਂ ਦੇ ਲਾਈਸੰਸ 'ਤੇ ਮਿਲਣ ਵਾਲੀਆਂ ਸਹੂਲਤਾਂ ਨੂੰ ਤਿੰਨ ਸਾਲਾਂ ਤਕ ਮੁਅੱਤਲ ਕਰ ਦਿੱਤਾ ਹੈ। ਕਪਥਾਲੀਆ ਨੇ ਜਹਾਜ਼ ਉਡਾਉਣ ਤੋਂ 12 ਘੰਟੇ ਪਹਿਲਾਂ ਸ਼ਰਾਬ ਪੀਣ ਦੀ ਮਿਲੀ ਛੋਟ ਦੀ ਉਲੰਘਣਾ ਕੀਤੀ ਸੀ।

ਇਹ ਪਹਿਲੀ ਵਾਰ ਨਹੀਂ ਕਿ ਕਪਥਾਲੀਆ ਦੇ ਲਾਈਸੰਸ ਨੂੰ ਮੁਅੱਤਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਸਾਲ 2017 ਵਿੱਚ ਵੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਜਾਣ ਬੁੱਝ ਕੇ ਬ੍ਰੀਥ ਐਨਾਲਾਈਜ਼ਰ ਟੈਸਟ ਨੂੰ ਅਣਗੌਲਿਆ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਮਹੀਨੇ ਤਕ ਜਹਾਜ਼ ਉਡਾਉਣ ਦੀ ਆਗਿਆ ਨਹੀਂ ਸੀ ਤੇ ਨਾਲ ਹੀ ਉਨ੍ਹਾਂ ਨੂੰ ਐਗ਼ਜ਼ੀਕਿਊਟਿਵ ਡਾਇਰੈਕਟਰ, ਆਪ੍ਰੇਸ਼ਨਜ਼ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅਜਿਹੇ ਮਾਮਲਿਆਂ ਵਿੱਚ ਤੀਜੀ ਗ਼ਲਤੀ ਤੋਂ ਬਾਅਦ ਪਾਇਲਟ ਦਾ ਲਾਈਸੰਸ ਵੀ ਰੱਦ ਕਰ ਦਿੱਤਾ ਜਾਂਦਾ ਹੈ।