Anganvadi Worker: ਪੱਛਮੀ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਕ 'ਆਂਗਣਵਾੜੀ' ਜਾਂ ਸਰਕਾਰੀ ਨਰਸਰੀ ਸਕੂਲ 'ਚ ਬੱਚਿਆਂ ਲਈ ਬਣੇ ਮਿਡ-ਡੇ-ਮੀਲ ਦੇ ਪੈਕੇਟ 'ਚ ਕਥਿਤ ਤੌਰ 'ਤੇ ਇਕ ਛੋਟਾ ਜਿਹਾ ਮਰਿਆ ਹੋਇਆ ਸੱਪ ਮਿਲਿਆ।


ਸੂਬਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਉਪ ਪ੍ਰਧਾਨ ਆਨੰਦੀ ਭੋਸਲੇ ਨੇ ਦੱਸਿਆ ਕਿ ਇਹ ਮਾਮਲੇ ਦੀ ਜਾਣਕਾਰੀ ਇਕ ਬੱਚੇ ਦੇ ਮਾਪਿਆਂ ਨੇ ਸੋਮਵਾਰ ਨੂੰ ਦਿੱਤੀ। ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।


ਇਸ ਨੂੰ ਗੰਭੀਰ ਘਟਨਾ ਦੱਸਦਿਆਂ ਹੋਇਆਂ ਕਾਂਗਰਸ ਨੇਤਾ ਅਤੇ ਪਲਿਸ-ਕਾਦੇਗਾਂਵ ਦੇ ਵਿਧਾਇਕ ਵਿਸ਼ਵਜੀਤ ਕਦਮ ਨੇ ਚੱਲ ਰਹੇ ਮਾਨਸੂਨ ਸੈਸ਼ਨ 'ਚ ਰਾਜ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।


ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਨੇ ਫੋਟੋ ਖਿੱਚ ਕੇ ਸੱਪ ਸੁੱਟ ਦਿੱਤਾ ਸੀ। ਬਾਅਦ ਵਿੱਚ ਇਹ ਤਸਵੀਰ ਸਥਾਨਕ ਆਂਗਣਵਾੜੀ ਵਰਕਰ ਨੂੰ ਭੇਜੀ ਗਈ। ਤਸਵੀਰ ਦੇ ਬਾਵਜੂਦ, ਪੈਕੇਟ ਵਿੱਚੋਂ ਭੋਜਨ ਦਾ ਨਮੂਨਾ ਲਿਆ ਗਿਆ ਅਤੇ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ।


ਆਨੰਦੀ ਭੋਸਲੇ ਨੇ ਬੁੱਧਵਾਰ ਨੂੰ ਕਿਹਾ, '6 ਮਹੀਨੇ ਤੋਂ ਤਿੰਨ ਸਾਲ ਦੇ ਉਮਰ ਦੇ ਬੱਚਿਆਂ ਨੂੰ ਆਂਗਣਵਾੜੀਆਂ 'ਚ ਖਾਣੇ ਦੇ ਪੈਕੇਟ ਮਿਲਦੇ ਹਨ, ਜਿਸ 'ਚ ਦਾਲ, ਖਿਚੜੀ ਹੁੰਦੀ ਹੈ। ਸੋਮਵਾਰ ਨੂੰ ਪਲੂਸ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਫੂਡ ਪੈਕੇਟ ਵੰਡੇ ਗਏ। ਇਸ ਤੋਂ ਬਾਅਦ ਬੁੱਧਵਾਰ ਨੂੰ ਇੱਕ ਬੱਚੇ ਦੇ ਮਾਤਾ-ਪਿਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੈਕੇਟ ਵਿੱਚ ਇੱਕ ਛੋਟਾ ਮਰਿਆ ਹੋਇਆ ਸੱਪ ਮਿਲਿਆ ਹੈ। ਇਸ ਤੋਂ ਬਾਅਦ ਆਂਗਣਵਾੜੀ 'ਸੇਵਿਕਾ' (ਫੀਮੇਲ ਵਰਕਰ) ਨੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।


ਉਨ੍ਹਾਂ ਕਿਹਾ ਕਿ ਜਦੋਂ ਤੱਕ ਸੇਵਿਕਾ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ, ਉਦੋਂ ਤੱਕ ਮਾਤਾ-ਪਿਤਾ ਸ਼ੱਕੀ ਮਰੇ ਹੋਏ ਸੱਪ ਦਾ ਨਿਪਟਾਰਾ ਕਰ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਸਾਂਗਲੀ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਯਾਦਵ ਅਤੇ ਫੂਡ ਸੇਫਟੀ ਕਮੇਟੀ ਦੇ ਹੋਰ ਅਧਿਕਾਰੀਆਂ ਨੇ ਆਂਗਣਵਾੜੀ ਦਾ ਦੌਰਾ ਕੀਤਾ ਅਤੇ ਪੈਕਟਾਂ ਨੂੰ ਲੈਬਾਰਟਰੀ ਜਾਂਚ ਲਈ ਲਿਜਾਇਆ ਗਿਆ।


ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜਿਸ ਗੋਦਾਮ ਵਿੱਚ ਖਾਣ ਪੀਣ ਦੇ ਪੈਕੇਟ ਰੱਖੇ ਗਏ ਸਨ, ਨੂੰ ਸੀਲ ਕਰ ਦਿੱਤਾ ਗਿਆ ਹੈ। ਭੋਸਲੇ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰੀਮਿਕਸ ਫੂਡ ਪੈਕੇਟ ਸਪਲਾਈ ਕਰਨ ਲਈ ਜ਼ਿੰਮੇਵਾਰ ਠੇਕੇਦਾਰ ਬਾਰੇ ਸ਼ਿਕਾਇਤਾਂ ਮਿਲੀਆਂ ਹਨ।


ਉਨ੍ਹਾਂ ਕਿਹਾ, 'ਜਦੋਂ ਠੇਕੇਦਾਰ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਪੈਕਟ ਦਿੱਤੇ ਜਾਂਦੇ ਹਨ। ਉਸ ਤੋਂ ਦੋ-ਤਿੰਨ ਦਿਨ ਬਾਅਦ ਇਹ ਪੈਕਟ ਲਾਭਪਾਤਰੀਆਂ ਨੂੰ ਦਿੱਤੇ ਜਾਂਦੇ ਹਨ। ਇਸ ਮਾਮਲੇ ਵਿੱਚ ਨਾ ਤਾਂ ਆਂਗਣਵਾੜੀ ਵਰਕਰ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਕੋਈ ਸੱਪ ਨਜ਼ਰ ਆਇਆ। ਸਿਰਫ਼ ਮਾਪਿਆਂ ਨੇ ਹੀ ਇਸ ਨੂੰ ਦੇਖਣ ਦਾ ਦਾਅਵਾ ਕੀਤਾ ਹੈ।