ਇੰਦੋਰ: ਕਾਂਗਰਸ ਲੀਡਰ ਦਿਗਵਿਜੈ ਸਿੰਘ ਨੇ ਮੋਦੀ ਸਰਕਾਰ ਨੂੰ ਪਾਕਿਸਤਾਨ ਸਰਹੱਦ ਅੰਦਰ ਭਾਰਤ ਦੇ ਹਵਾਈ ਹਮਲੇ ਦੇ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਨੇ ਓਸਾਮਾ ਆਪ੍ਰੇਸ਼ਨ ਦੇ ਠੋਸ ਸਬੂਤ ਦਿੱਤੇ ਸੀ, ਉਸੇ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਏਅਰ ਸਟ੍ਰਾਈਕ ਦੇ ਸਬੂਤ ਦੇਣੇ ਚਾਹੀਦੇ ਹਨ।
ਦਿਗਵਿਜੈ ਨੇ ਕਿਹਾ ਕਿ ਉਹ ਪਾਕਿ ਵਿੱਚ ਅੱਤਵਾਦੀ ਕੈਂਪਾਂ ’ਤੇ ਭਾਰਤੀ ਹਵਾਈ ਫੌਜ ਦੇ ਹਮਲੇ ’ਤੇ ਸਵਾਲ ਖੜ੍ਹੇ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਅੱਜ ਦਾ ਦੌਰ ਤਕਨੀਕੀ ਦੌਰ ਹੈ ਤੇ ਸੈਟੇਲਾਈਟ ਤਕਨੀਕ ਤੋਂ ਖੁੱਲ੍ਹੇ ਵਿੱਚ ਕੀਤੀ ਗਈ ਕਿਸੇ ਵੀ ਕਾਰਵਾਈ ਦੀਆਂ ਤਸਵੀਰਾਂ ਮਿਲ ਜਾਂਦੀਆਂ ਹਨ। ਲਿਹਾਜ਼ਾ ਸਰਕਾਰ ਨੂੰ ਕਾਰਵਾਈ ਦੇ ਸਬੂਤ ਦੇਣੇ ਚਾਹੀਦੇ ਹਨ।
ਉਨ੍ਹਾਂ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ’ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀਐਮ ਇਮਰਾਨ ਖ਼ਾਨ ਨੇ ਸਾਬਤ ਕਰ ਦਿੱਤਾ ਕਿ ਉਹ ਚੰਗੇ ਗੁਆਂਢੀ ਹਨ ਪਰ ਹੁਣ ਉਨ੍ਹਾਂ ਨੂੰ ਅੱਤਵਾਦੀ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਭਾਰਤ ਨੂੰ ਸੌਂਪ ਕੇ ਬਹਾਦਰੀ ਵੀ ਦਿਖਾਉਣੀ ਚਾਹੀਦੀ ਹੈ।
ਦਰਅਸਲ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਦੇ ਮਿਰਾਜ-2000 ਜਹਾਜ਼ਾਂ ਨੇ ਪਾਕਿਸਤਾਨ ਦੇ ਮੁਜ਼ੱਫਰਾਬਾਦ ਤੇ ਬਾਲਾਕੋਟ ਵਿੱਚ ਅੱਤਵਾਦੀ ਅੱਡੇ ਤਬਾਹ ਕੀਤੇ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰਵਾਈ ਵਿੱਚ 350 ਅੱਤਵਾਦੀ ਮਾਰੇ ਗਏ ਸਨ।
ਇਸ ਮਗਰੋਂ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ ਭਾਰਤੀ ਸੀਮਾ ਅੰਦਰ ਦਾਖ਼ਲ ਹੋਏ ਜਿਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਦੇ ਮਿਗ-21 ਨੇ ਪਾਕਿ ਦੇ ਐਫ-16 ਨੂੰ ਸੁੱਟ ਦਿੱਤਾ ਸੀ। ਇਸ ਦੌਰਾਨ ਮਿਗ-21 ਕਰੈਸ਼ ਹੋ ਗਿਆ ਸੀ ਜਿਸ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਕਾਬੂ ਕਰ ਲਿਆ ਸੀ। ਹਾਲਾਂਕਿ ਉਨ੍ਹਾਂ ਨੂੰ ਭਾਰਤ ਨੂੰ ਵਾਪਸ ਸੌਂਪ ਦਿੱਤਾ ਗਿਆ ਹੈ।