ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਖ ਵਾਰ ਮੁੜ ਭਾਰਤ ਨੂੰ ਅੱਖਾਂ ਵਿਖਾਈਆਂ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਟੈਰਿਫ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇੱਕ ਬਾਈਕ ’ਤੇ ਭਾਰਤ 100 ਫੀਸਦੀ ਟੈਕਸ ਵਸੂਲਦਾ ਹੈ ਜਦਕਿ ਇੱਥੋਂ ਆਉਣ ਵਾਲੇ ਇਸ ਤਰ੍ਹਾਂ ਦੇ ਕਿਸੇ ਸਾਮਾਨ ’ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। ਟਰੰਪ ਨੇ ਕਿਹਾ ਕਿ ਉਹ ਵੀ ਭਾਰਤ ਤੋਂ ਆਉਣ ਵਾਲੇ ਸਾਮਾਨ ’ਤੇ ਇਸੇ ਅਨੁਪਾਤ ਵਿੱਚ ਟੈਰਿਫ ਲਾਉਣਗੇ।
ਮੈਰੀਲੈਂਡ ਦੇ ਕੰਜ਼ਰਵੈਟਿਵ ਪਾਲਿਟਿਕਲ ਐਕਸ਼ਨ ਕਾਨਫਰੰਸ (ਸੀਪੀਏਸੀ) ਵਿੱਚ ਅਮਰੀਕੀ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਕੀ ਭਾਰਤ ਉਨ੍ਹਾਂ ਨੂੰ ਬੇਵਕੂਫ ਸਮਝਦਾ ਹੈ? ਉਨ੍ਹਾਂ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਸਾਰਾ ਵਿਸ਼ਵ ਅਮਰੀਕਾ ਦਾ ਸਨਮਾਨ ਕਰਦਾ ਹੈ। ਅਸੀਂ ਇੱਕ ਦੇਸ਼ ਨੂੰ ਆਪਣੇ ਸਾਮਾਨ ’ਤੇ 100 ਫੀਸਦੀ ਟੈਰਿਫ ਦੇਈਏ ਤੇ ਉਨ੍ਹਾਂ ਦੇ ਇਸੇ ਤਰ੍ਹਾਂ ਦੇ ਸਾਮਾਨ ’ਤੇ ਸਾਨੂੰ ਕੁਝ ਨਾ ਮਿਲੇ, ਇਹ ਸਿਲਸਿਲਾ ਹੋਰ ਨਹੀਂ ਚੱਲੇਗਾ।
ਯਾਦ ਰਹੇ ਕਿ ਭਾਰਤ ਦੀਆਂ ਵਪਾਰ ਤੇ ਨਿਵੇਸ਼ ਨੀਤੀਆਂ ਦੇ ਖਿਲਾਫ ਵੱਡਾ ਕਦਮ ਚੁੱਕਦਿਆਂ ਅਮਰੀਕਾ ਨੇ ਆਪਣੀ ਜ਼ੀਰੋ ਟੈਰਿਫ ਨੀਤੀ ਖ਼ਤਮ ਕਰਨ ਲਈ 6 ਫਰਵਰੀ ਨੂੰ ਮੰਥਨ ਸ਼ੁਰੂ ਕੀਤਾ ਸੀ। ਇਸ ਨੀਤੀ ਦੇ ਤਹਿਤ ਭਾਰਤ ਤੋਂ ਬਰਾਮਦ ਹੋਣ ਵਾਲੇ ਸਾਮਾਨ ’ਤੇ ਟੈਰਿਫ ਨਹੀਂ ਲਿਆ ਜਾਂਦਾ।
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਲਗਾਤਾਰ ਮੇਕ ਇਨ ਇੰਡੀਆ ਦੇ ਤਹਿਤ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ ਲਈ ਕਹਿ ਰਹੇ ਹਨ ਪਰ ਟਰੰਪ ਇਸ ਦੇ ਉਲਟ ਆਪਣੀਆਂ ਕੰਪਨੀਆਂ ਨੂੰ ਵਾਰ-ਵਾਰ ਅਮਰੀਕਾ ਵਾਪਸ ਬੁਲਾਉਣ ਦੀ ਅਪੀਲ ਕਰ ਰਹੇ ਹਨ।