ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਲਈ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ।ਮਨਜਿੰਦਰ ਸਿਰਸਾ ਜੋ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਚੁੱਕੇ ਸੀ ਨੇ ਅੱਜ ਕਾਰਜਕਰਨੀ ਦੀ ਇੱਕ ਮੀਟਿੰਗ ਬੁਲਾ ਲਈ ਜਿਸ ਮਗਰੋਂ ਝਗੜਾ ਸ਼ੁਰੂ ਹੋ ਗਿਆ।ਇਸ ਮੀਟਿੰਗ 'ਚ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿਰਸਾ ਵਿਚਾਲੇ ਬਹਿਸ ਛਿੜ ਗਈ।ਜਿਸ ਕਾਰਨ ਇਹ ਮੀਟਿੰਗ ਸਿਰੇ ਨਹੀਂ ਚੜ੍ਹ ਸਕੀ।
ਦਰਅਸਲ, ਕੁਲਵੰਤ ਸਿੰਘ ਬਾਠ ਮੀਤ ਪ੍ਰਧਾਨ ਨੂੰ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਦਿੱਤੀਆ ਗਈਆਂ ਹਨ।ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪਿਛਲੇ ਕਈ ਸਮੇਂ ਤੋਂ ਸਕੈਮ ਚੱਲ ਰਿਹਾ ਸੀ, ਹਰਗੋਬਿੰਦ ਇਨਕਲੇਵ ਵਿੱਚ ਸ਼ੂਟਿੰਗ ਰੇਂਜ, ਜਿਮ ਅਤੇ ਕੰਪਿਊਟਰ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਦੀ ਕੋਈ ਇਜਾਜ਼ੱਤ ਨਹੀਂ ਲਈ ਗਈ।ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ । ਅੰਤਰਿਮ ਬੋਰਡ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ ਕਿ ਕੁਲਵੰਤ ਸਿੰਘ ਬਾਠ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਨਿਭਾਉਣਗੇ।
ਮਨਜਿੰਦਰ ਸਿਰਸਾ ਨੇ ਕਿਹਾ ਕਿ, "ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵਜੋਂ ਅਹੁੱਦੇ ਤੋਂ ਅਸਤੀਫ਼ਾ ਦਿੱਤਾ ਸੀ। ਇਹ ਅਸਤੀਫ਼ਾ ਜਨਰਲ ਹਾਊਸ ਨੇ ਮਨਜ਼ੂਰ ਨਹੀਂ ਕੀਤਾ ਹੈ।ਐਗਜ਼ੀਕਿਉਟਿਵ ਬੋਰਡ ਵੱਲੋਂ ਪ੍ਰਧਾਨ ਨੂੰ ਨਹੀਂ ਹਟਾਇਆ ਜਾ ਸਕਦਾ।"
ਸਿਰਸਾ ਨੇ ਕਿਹਾ ਕਿ, "ਨਾ ਮੈਂ ਕੋਈ ਦੋਬਾਰਾ ਚੋਣ ਲੜਨੀ ਹੈ ਤੇ ਨਾ ਹੀ ਕੋਈ ਮੈਂਬਰ ਬਣਨਾ ਹੈ। ਮੇਰੇ ਅਸਤੀਫ਼ਾ ਦੇਣ ਦੇ ਬਾਅਦ ਵੀ ਮੈਂ ਹੀ ਪ੍ਰਧਾਨ ਹਾਂ ਕਿਉਂਕਿ ਜਨਰਲ ਹਾਊਸ ਨੇ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ।"
ਸਿਰਸਾ ਨੇ ਕਿਹਾ ਕਿ "ਅੱਜ ਜੋ ਵੀ ਬਹਿਸ ਹੋਈ ਹੈ ਉਹ ਹਰਮੀਤ ਸਿੰਘ ਕਾਲਕਾ ਵੱਲੋਂ ਕੀਤੀ ਗਈ ਹੈ।ਜੋ ਵੀ ਹੋਣਾ ਹੈ ਡਾਇਰੈਕਟਰ ਗੁਰਦੁਆਰਾ ਐਕਟ ਦੇ ਅਨੁਸਾਰ ਹੋਣਾ ਹੈ।
ਉਧਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ, "ਜੋ ਇਨਸਾਨ ਇੱਕ ਮਹੀਨਾ ਪਹਿਲਾਂ ਅਸਤੀਫ਼ਾ ਦੇ ਚੁੱਕਾ ਹੈ ਅਤੇ ਹੁਣ ਦੋਬਾਰਾ ਵਾਪਿਸ ਆ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਹੁੱਦੇ ਤੇ ਕਾਬਜ ਹੋ ਗਿਆ ਹੈ।"
ਕਾਲਕਾ ਨੇ ਕਿਹਾ ਕਿ, "13 ਐਗਜੇਕਟਿਵ ਮੈਂਬਰਾਂ ਵਿੱਚੋਂ 9 ਮੈਂਬਰ ਸਾਡੇ ਨਾਲ ਬੈਠੇ ਹਨ। ਸਾਰੇ ਮੈਂਬਰਾਂ ਨੇ ਇੱਕ ਜੁਟ ਹੋ ਕਿ ਮਤਾ ਪਾਸ ਕੀਤਾ ਹੈ।ਮਨਜਿੰਦਰ ਸਿਰਸਾ ਦੀ ਚਿੱਠੀ ਨੂੰ ਅਸੀਂ ਰੱਦ ਕਰਦੇ ਹਾਂ।ਸਿਰਸਾ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਕੇ ਜਨਰਲ ਹਾਉਸ ਕੋਲ ਭੇਜ ਦਿੱਤਾ ਹੈ।"
ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿਰਸਾ ਨਾਲ ਸਿਰਫ 3 ਐਗਜੀਕਿਉਟਿਵ ਮੈਂਬਰ ਹੀ ਬੈਠੇ ਹਨ। ਸਿਰਸਾ ਨੇ ਅਦਾਲਤ 'ਚ ਹਲਫ਼ਨਾਮਾ ਦਿੱਤਾ ਹੋਇਆ ਹੈ ਕਿ, "ਮੈਂ ਅਸਤੀਫਾ ਦੇ ਚੁੱਕਾ ਹਾਂ", ਹੁਣ ਫਿਰ ਤੋਂ ਸਿਰਸਾ ਦਾ ਕਿਹੜਾ ਮੋਹ ਜਾਗਿਆ ਹੈ, ਜਿਸ ਕਰਕੇ ਉਹ ਵਾਪਸ ਪ੍ਰਧਾਨਗੀ 'ਤੇ ਆਉਣਾ ਚਾਹੁੰਦੇ ਹਨ।
ਅਵਤਾਰ ਸਿੰਘ ਹਿੱਤ ਨੇ ਇਸ ਮਾਮਲੇ 'ਤੇ ਕਿਹਾ ਕਿ ਇਹ ਲੜਾਈ ਸਾਡੀ ਘਰ ਦੀ ਲੜਾਈ ਹੈ।ਅਕਾਲੀ ਦਲ ਦਾ ਅੱਜ ਇਹ ਹਾਲ ਹੈ ਕਿ ਅਸੀਂ ਆਪਸੀ ਫੁੱਟ ਦਾ ਸ਼ਿਕਾਰ ਹਾਂ। ਸਾਰੀ ਜ਼ਿੰਦਗੀ ਅਸੀਂ ਗੁਰੂਘਰ ਦੀ ਸੇਵਾ ਕੀਤੀ ਹੈ। ਪਰ ਇੱਕ ਸਿਰਸਾ ਕਰਕੇ ਸਾਡੇ ਬਾਕੀ ਮੈਂਬਰ ਵੀ ਗਦਾਰੀ ਕਰ ਰਹੇ ਹਨ। ਜੇ ਕਿਸੇ ਨੇ ਗਲਤੀ ਕੀਤੀ ਵੀ ਹੈ ਉਹ ਆ ਕੇ ਅਕਾਲੀ ਦਲ ਪਾਰਟੀ 'ਚ ਸ਼ਾਮਲ ਹੋਵੇ।ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਐਕਟ ਬਣਿਆ ਹੈ ਇਸ ਐਕਟ ਨੂੰ ਬਣਾਉਣ ਲਈ ਅਸੀਂ ਜੇਲਾ ਕੱਟੀਆਂ ਹਨ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :