ਹੁਣ ਆਧਾਰ ਕਾਰਡ ਬਹੁਤ ਜ਼ਰੂਰੀ ਦਸਤਾਵੇਜ਼ ਬਣ ਚੁੱਕਾ ਹੈ। ਆਧਾਰ ਕਾਰਡ ਉੱਤੇ ਯੂਜ਼ਰ ਦੀਆਂ ਕਈ ਅਹਿਮ ਤੇ ਬੁਨਿਆਦੀ ਜਾਣਕਾਰੀਆਂ ਦਰਜ ਹੁੰਦੀਆਂ ਹਨ। ਉਸ ਉੱਤੇ ਹਰੇਕ ਵਰਤੋਂਕਾਰ ਨੂੰ ਵਿਲੱਖਣ ਨੰਬਰ ਵੀ ਦਿੱਤਾ ਜਾਂਦਾ ਹੈ ਪਰ ਆਧਾਰ ਕਾਰਡ ਉੱਤੇ ਦਰਜ ਇਸ ਯੂਨੀਕ ਨੰਬਰ ਦੀ ਜਾਣਕਾਰੀ ਬਾਰੇ ਯੂਜ਼ਰ ਕੁਝ ਚਿੰਤਾ ’ਚ ਰਹਿੰਦੇ ਹਨ।


ਦਰਅਸਲ, ਉਨ੍ਹਾਂ ਨੂੰ ਵੱਡੀ ਫ਼ਿਕਰ ਤਾਂ ਇਹੋ ਰਹਿੰਦੀ ਹੈ ਕਿ ਜੇ ਉਨ੍ਹਾਂ ਦਾ ਆਧਾਰ ਨੰਬਰ ਕਿਤੇ ਲੀਕ ਹੋ ਗਿਆ ਜਾਂ ਆਧਾਰ ਨੂੰ ਬੈਂਕ ਖਾਤੇ, ਪੈਨ ਤੇ ਕਿਸੇ ਹੋਰ ਸੇਵਾ ਨਾਲ ਜੋੜ ਦਿੱਤਾ, ਤਾਂ ਉਨ੍ਹਾਂ ਦੀ ਸਾਰੀ ਜਾਣਕਾਰੀ ਗ਼ਲਤ ਹੱਥਾਂ ਵਿੱਚ ਵੀ ਪੈ ਸਕਦੀ ਹੈ। ਭਾਵੇਂ ‘ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆੱਫ਼ ਇੰਡੀਆ’ (UIDAI) ਕਈ ਵਾਰ ਇਸ ਸਬੰਧੀ ਸਫ਼ਾਈ ਦੇ ਚੁੱਕਾ ਹੈ ਕਿ ਕਿਸੇ ਸੇਵਾ ਨਾਲ ਜੋੜ ਕੇ ਆਧਾਰ ਕਾਰਡ ਦੀ ਜਾਣਕਾਰੀ ਲੀਕ ਹੋਣ ਦਾ ਕੋਈ ਖ਼ਤਰਾ ਨਹੀਂ।

ਕੋਈ ਵੀ ਬੈਂਕ ਕਦੇ ਵੀ ਆਪਣੇ ਗਾਹਕ ਦੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕਰਦਾ। ਇੱਥੋਂ ਤੱਕ ਕਿ UIDAI ਤੇ ਅਜਿਹੀ ਕਿਸੇ ਹੋਰ ਅਹਿਮ ਸੰਸਥਾ ਨੂੰ ਵੀ ਤੁਹਾਡੇ ਬੈਂਕ ਖਾਤੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।

ਜਦੋਂ ਵੀ ਕਦੇ ਬੈਂਕ, ਪਾਸਪੋਰਟ ਅਧਿਕਾਰੀਆਂ, ਆਮਦਨ ਟੈਕਸ ਵਿਭਾਗ ਨੂੰ ਕੋਈ ਜਾਣਕਾਰੀ ਭੇਜੀ ਜਾਂਦੀ ਹੈ, ਤਦ ਦੂਰਸੰਚਾਰ ਕੰਪਨੀ ਨੂੱ ਵੀ ਤੁਹਾਡੇ ਬੈਂਕ ਦੀ ਜਾਣਕਾਰੀ ਜਾਂ ਆਮਦਨ ਟੈਕਸ ਰਿਟਰਨ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਤੁਹਾਡੀ ਪਛਾਣ ਦੀ ਤਸਦੀਕ ਲਈ ਸਿਰਫ਼ ਆਧਾਰ ਨੰਬਰ, ਨਾਮ ਤੇ ਬਾਇਓਮੀਟ੍ਰਿਕਸ ਹੀ ਭੇਜੇ ਜਾਂਦੇ ਹਨ। ਬੈਂਕ ਖਾਤੇ ਦੀ ਕੋਈ ਜਾਣਕਾਰੀ ਕਦੇ ਵੀ ਕਿਸੇ ਏਜੰਸੀ ਨੂੰ ਨਹੀਂ ਦਿੱਤੀ ਜਾਂਦੀ।