ਚੰਡੀਗੜ੍ਹ: ਟੈਲੀਕਾਮ ਮਹਿਕਮੇ ਨੇ ਵਿਸ਼ੇਸ਼ ਹਾਲਾਤ ਵਿੱਚ ਇੰਸਟਾਗ੍ਰਾਮ, ਫੇਸਬੁੱਕ, ਵ੍ਹਟਸਐਪ ਤੇ ਟੈਲੀਗ੍ਰਾਮ ਜਿਹੀਆਂ ਮੋਬਾਈਲ ਐਪਸ ’ਤੇ ਰੋਕ ਲਾਉਣ ਲਈ ਅਪਣਾਏ ਜਾਣ ਵਾਲੇ ਤਕਨੀਕੀ ਉਪਾਅ ਬਾਰੇ ਇੰਡਸਟਰੀ ਤੋਂ ਰਾਏ ਮੰਗੀ ਹੈ। ਵਿਭਾਗ ਨੇ ਕੌਮੀ ਸੁਰੱਖਿਆ ਜਾਂ ਸ਼ਾਂਤੀ ਵਿਵਸਥਾ ਸਬੰਧੀ ਖਤਰੇ ਦੀ ਸਥਿਤੀ ਵਿੱਚ ਇਨ੍ਹਾਂ ਐਪਸ ਨੂੰ ਬਲੌਕ ਕਰਨ ’ਤੇ ਵਿਚਾਰਾਂ ਦੀ ਮੰਗ ਕੀਤੀ ਹੈ।
ਟੈਲੀਕਾਮ ਵਿਭਾਗ ਨੇ 18 ਜੁਲਾਈ, 2018 ਨੂੰ ਸਾਰੇ ਟੈਲੀਕਾਮ ਆਪਰੇਟਰਾਂ, ਇੰਡੀਅਨ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਐਸੋਸੀਏਸ਼ਨ (ਆਈਐਸਪੀਏਆਈ), ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਤੇ ਹੋਰਾਂ ਨੂੰ ਚਿੱਠੀ ਲਿਖ ਤੇ ਆਈਟੀ ਕਾਨੂੰਨ ਦੀ ਧਾਰਾ 69ਏ ਤਹਿਤ ਇਨ੍ਹਾਂ ਐਪਸ ’ਤੇ ਰੋਕ ਲਾਉਣ ਸਬੰਧੀ ਉਨ੍ਹਾਂ ਦੀ ਰਾਏ ਮੰਗੀ ਹੈ।
ਦੇਸ਼ ਅੰਦਰ ਭੀੜ ਵੱਲੋਂ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜ਼ਿਆਦਾਤਰ ਘਟਨਾਵਾਂ ਸੋਸ਼ਲ ਮੀਡੀਆ ’ਤੇ ਅਫਵਾਹਾਂ ਕਰਕੇ ਹੋਈਆਂ ਹਨ। ਵ੍ਹਟਸਐਪ ਪਹਿਲਾਂ ਹੀ ਆਪਣੇ ਪਲੇਟਫਾਰਮ ਦੇ ਦੁਰਉਪਯੋਗ ਕਰਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸੇ ਐਪ ਤੋਂ ਵਾਇਰਲ ਫਰਜ਼ੀ ਖਬਰਾਂ ਦੀ ਵਜ੍ਹਾ ਕਰਕੇ ਮੌਬ ਲਿੰਚਿੰਗ ਦੀਆਂ ਘਟਨਾਵਾਂ ਹੋਈਆਂ ਹਨ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਵ੍ਹਟਸਐਪ ਨੇ ਮੈਸੇਜਸ ਦਾ ‘ਪਤਾ ਲਾਉਣ’ ਤੇ ਉਸ ਦੇ ਸਰੋਟ ਬਾਰੇ ਜਾਣਕਾਰੀ ਦੇਣ ਬਾਰੇ ਕੋਈ ਪ੍ਰਤੀਬੱਧਤਾ ਨਹੀਂ ਜਤਾਈ, ਜਦਕਿ ਸਰਕਾਰ ਨੇ ਕੰਪਨੀ ਅੱਗੇ ਵਿਸ਼ੇਸ਼ ਤੌਰ ’ਤੇ ਇਹੀ ਮੰਗ ਰੱਖੀ ਹੈ।