ਨਵੀ ਦਿੱਲੀ: ਸੀਨੀਅਰ ਸਿਆਸਤਦਾਨ ਕਪਿਲ ਸਿੱਬਲ ਨੇ 2G ਘੁਟਾਲੇ ਦਾ ਫੈਸਲਾ ਆਉਣ ਤੋਂ ਬਾਅਦ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਗਏ ਸਪੈਕਟ੍ਰਮ ਤੇ ਲਾਇਸੈਂਸਾਂ ਦੀ ਵੰਡ ਵਿੱਚ ਕੋਈ ਘਪਲਾ ਨਹੀਂ ਹੋਇਆ।
'ABP ਨਿਊਜ਼' ਨਾਲ ਖਾਸ ਗੱਲਬਾਤ ਵਿੱਚ ਕਪਿਲ ਸਿੱਬਲ ਨੇ ਕਿਹਾ, ''ਹੁਣ ਸਾਬਕਾ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਵਿਨੋਦ ਰਾਏ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੀ ਆਡਿਟ ਦੀ ਰਿਪੋਰਟ ਵਿੱਚ ਦੱਸਿਆ ਕਿ 2G ਸਪੈਕਟ੍ਰਮ ਲਾਇਸੰਸ ਨੂੰ ਕੌਡੀਆਂ ਦੇ ਭਾਅ ਦੇਣ ਤੇ 1.76 ਲੱਖ ਕਰੋੜ ਰੁਪਏ ਦੀ ਆਮਦਨ ਦਾ ਨੁਕਸਾਨ ਝੱਲਣਾ ਪਿਆ।''
ਕਪਿਲ ਸਿੱਬਲ ਨੇ ਕਿਹਾ, "ਭਾਜਪਾ ਕਾਰਨ ਅੱਜ ਦੂਰਸੰਚਾਰ ਬੁਰੀ ਹਾਲਤ ਵਿੱਚ ਹੈ। ਯੂਪੀਏ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਲਈ ਭਾਜਪਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। 2010 ਵਿੱਚ 2G ਘੁਟਾਲੇ ਦੀ ਇੱਕ ਰਿਪੋਰਟ ਵਿੱਚ ਕੈਗ ਨੇ ਦਾਅਵਾ ਕੀਤਾ ਸੀ ਕਿ ਗ਼ਲਤ ਵੰਡ ਨਾਲ ਦੇਸ਼ ਨੂੰ 1 ਲੱਖ 76 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਮਾਮਲੇ ਵਿੱਚ ਤਤਕਾਲੀ ਦੂਰਸੰਚਾਰ ਮੰਤਰੀ ਏ ਰਾਜਾ ਤੇ ਡੀਐਮਕੇ ਦੇ ਸੰਸਦ ਕਨੀਮੋਝੀ ਨੂੰ ਜੇਲ੍ਹ ਜਾਣਾ ਪਿਆ। ਇਨ੍ਹਾਂ ਤੋਂ ਇਲਾਵਾ ਕਈ ਕੰਪਨੀਆਂ ਤੇ ਕਈ ਕਾਰੋਬਾਰੀ ਵੀ ਇਸ ਵਿੱਚ ਦੋਸ਼ੀ ਪਾਏ ਗਏ ਸਨ।