ਕਾਬਲੇਗੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ’ਚ ਡਾ. ਮਨਮੋਹਨ ਸਿੰਘ ਤੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ ਨੂੰ ਬੈਂਕਿੰਗ ਸੈਕਟਰ ਦੇ ਨਿਘਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਟਕੋਰ ਕਰਦਿਆਂ ਕਿਹਾ ਕਿ ਐਨਡੀਏ ਨੂੰ ਯੂਪੀਏ ਕਾਰਜਕਾਲ ਦੀਆਂ ‘ਗਲਤੀਆਂ’ ਤੋਂ ਸਿੱਖਣਾ ਚਾਹੀਦਾ ਸੀ ਤੇ ‘ਭਰੋਸੇਯੋਗ ਹੱਲ’ ਸੁਝਾਉਣੇ ਚਾਹੀਦੇ ਹਨ। ਡਾ. ਸਿੰਘ ਨੇ ਕਿਹਾ ਕਿ ਜੇ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਨੀਰਵ ਮੋਦੀ ਜਿਹੇ ਲੋਕ ਜਨਤਾ ਦੇ ਪੈਸੇ ਲੈ ਕੇ ਨਾ ਭੱਜਦੇ, ਬੈਂਕਾਂ ਦੀ ਸਥਿਤੀ ‘ਐਨੀ ਮਾੜੀ’ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸਾਲ ਦਰ ਸਾਲ ਸਮੱਸਿਆਵਾਂ ਲਈ ਯੂਪੀਏ ਸਿਰ ਹੀ ਦੋਸ਼ ਨਹੀਂ ਮੜ੍ਹਿਆ ਜਾ ਸਕਦਾ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕਤਾ ਨੂੰ ਪੈਰਾਂ-ਸਿਰ ਕਰਨ ਤੋਂ ਪਹਿਲਾਂ ਇਸ ਦੇ ਢੇਰੀ ਹੋਣ ਦੇ ਕਾਰਨਾਂ ਦੀ ਸ਼ਨਾਖ਼ਤ ਜ਼ਰੂਰੀ ਹੈ। ਉਨ੍ਹਾਂ ਦੇਸ਼ ਦਾ ‘ਆਰਥਿਕ ਵਾਤਾਵਰਨ’ ਖ਼ਰਾਬ ਕਰਨ ਦਾ ਦੋਸ਼ ਮੋਦੀ ਸਰਕਾਰ ਸਿਰ ਲਾਇਆ। ਉਨ੍ਹਾਂ ਕਿਹਾ ਕਿ ਪੰਜ ਖ਼ਰਬ ਦੀ ਆਰਥਿਕਤਾ ਪ੍ਰਾਪਤ ਕਰਨ ਦੀ ਕੋਈ ਆਸ ਨਹੀਂ। ਸਰਕਾਰ ਸਿਰਫ਼ ਸੁਰਖ਼ੀਆਂ ਆਪਣੇ ਹੱਕ ਵਿਚ ਕਰਨ ’ਚ ਮਗਨ ਹੈ ਤੇ ਕੋਈ ਠੋਸ ਹੱਲ ਮੌਜੂਦ ਨਹੀਂ।