ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਪਾਰਟੀਆਂ ਨੇ ਆਪਣੀ ਪੂਰੀ ਜਾਨ ਲਾਈ ਹੋਈ ਹੈ। ਪਾਰਟੀ ਪ੍ਰਧਾਨ ਤੇ ਨੇਤਾ ਲਗਾਤਾਰ ਰੈਲੀਆਂ ਕਰ ਲੋਕਾਂ ਨੂੰ ਆਪਣੇ ਹੱਕ ‘ਚ ਵੋਟ ਭੁਗਤਾਨ ਦੀ ਅਪੀਲ ਕਰ ਰਹੇ ਹਨ। ਇਸੇ ਕੜੀ ‘ਚ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਵੀ ਅੱਜ ਚੋਣ ਪ੍ਰਚਾਰ ਕਰਨ ਹਰਿਆਣਾ ਦੀ ਜਨਤਾ ‘ਚ ਮਹਿੰਦਰਗੜ੍ਹ ਜਾਣ ਵਾਲੀ ਸੀ ਪਰ ਹੁਣ ਉਨ੍ਹਾਂ ਦੀ ਥਾਂ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰਨਗੇ।



ਕਾਂਗਰਸ ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸੋਨੀਆ ਗਾਂਧੀ ਕੁਝ ਜ਼ਰੂਰੀ ਕੰਮ ਕਰਕੇ ਰੈਲੀ ‘ਚ ਸ਼ਾਮਲ ਨਹੀਂ ਹੋ ਸਕੇਗੀ। ਇਸ ਤੋਂ ਪਹਿਲਾਂ ਵੀ ਰਾਹੁਲ ਹਰਿਆਣਾ ‘ਚ ਰੈਲੀ ਕਰ ਚੁੱਕੇ ਹਨ। ਸ਼ਨੀਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। 21 ਅਕਤੂਬਰ ਨੂੰ ਹਰਿਆਣਾ ‘ਚ ਚੋਣਾਂ ਹਨ। ਰੈਲੀ ਦੁਪਹਿਰ 3 ਵਜੇ ਗੌਰਮੈਂਟ ਕਾਲਜ ਦੇ ਖੇਡ ਕੰਪਲੈਕਸ, ਮਹਿੰਦਰਗੜ੍ਹ ‘ਚ ਹੋਣੀ ਹੈ।



ਹਰਿਆਣਾ ‘ਚ ਅਹਿਮ ਮੁਕਾਬਲਾ ਕਾਂਗਰਸ ਤੇ ਬੀਜੇਪੀ ‘ਚ ਹੈ। ਬੀਜੇਪੀ ਦੇ ਸਟਾਰ ਪ੍ਰਚਾਰਕ ਲੋਕਾਂ ਤੋਂ ਵੋਟ ਦੀ ਅਪੀਲ ਕਰਨ ਲਈ ਆਏ ਦਿਨ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ‘ਚ ਪਹੁੰਚ ਰਹੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਪੀਐਮ ਮੋਦੀ ਹਰਿਆਣਾ ਦੇ ਸੋਨੀਪਤ ਤੇ ਹਿਸਾਰ ‘ਚ ਇੱਕ-ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਵੀ ਤਿੰਨ ਰੈਲੀਆਂ ਦਾ ਹਿੱਸਾ ਬਣਨਗੇ।