ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ’ਚ ਪਰਾਲੀ ਸਾੜੇ ਜਾਣ ਕਾਰਨ ਦਿੱਲੀ ’ਚ ਧੂੰਏਂ ਅਤੇ ਪ੍ਰਦੂਸ਼ਣ ਦੇ ਗ਼ੁਬਾਰ ਤੋਂ ਬਾਅਦ ਉੱਘੇ ਖੇਤੀ ਵਿਗਿਆਨੀ ਐਮ ਐਸ ਸਵਾਮੀਨਾਥਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਾਲੀ ਦੀ ਕਾਰੋਬਾਰੀ ਵਰਤੋਂ ਕਰਨ ਦੇ ਸੁਝਾਅ ਦਿੱਤੇ ਹਨ। ਸਵਾਮੀਨਾਥਨ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਪਸ਼ੂਆਂ ਦੀ ਫੀਡ, ਗੱਤੇ, ਕਾਗ਼ਜ਼ ਅਤੇ ਹੋਰ ਵਸਤਾਂ ਬਣਾਉਣ ’ਚ ਕੀਤੀ ਜਾ ਸਕਦੀ ਹੈ।
ਸਵਾਮੀ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਵੇਰਵਿਆਂ ਸਮੇਤ ਪੱਤਰ ਭੇਜਣਗੇ। ਦਿੱਲੀ ਵਿੱਚ ਇੱਕ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਖੇਤੀ ਵਿਗਿਆਨੀ ਨੇ ਪੀਟੀਆਈ ਨੂੰ ਦੱਸਿਆ,‘‘ਮੈਂ ਪ੍ਰਧਾਨ ਮੰਤਰੀ ਨੂੰ ਦੱਸਿਆ ਹੈ ਕਿ ਪਰਾਲੀ ਸਾੜੇ ਜਾਣ ਦੀ ਬਜਾਏ ਉਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
ਤੁਸੀਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਨਹੀਂ ਰੋਕ ਸਕਦੇ ਕਿਉਂਕਿ ਉਨ੍ਹਾਂ ਨੇ ਅਗਲੀ ਫ਼ਸਲ ਲਈ ਖੇਤ ਤਿਆਰ ਕਰਨੇ ਹੁੰਦੇ ਹਨ। ਤੁਹਾਨੂੰ ਵਪਾਰਕ ਪੱਧਰ ’ਤੇ ਕੋਈ ਹੀਲਾ ਕਰਨਾ ਪਏਗਾ।’’ਮਹਾਰਾਸ਼ਟਰ ਦੀ ਮਿਸਾਲ ਦਿੰਦਿਆਂ ਸਵਾਮੀਨਾਥਨ ਨੇ ਕਿਹਾ ਕਿ ਉੱਥੇ ਤਕਨਾਲੋਜੀ ਵਿਕਸਤ ਕੀਤੀ ਗਈ ਹੈ ਜਿਸ ਰਾਹੀਂ ਪਰਾਲੀ ਨੂੰ ਪਸ਼ੂ ਆਹਾਰ ਲਈ ਵਰਤਿਆ ਜਾ ਰਿਹਾ ਹੈ।