ਨਵੀਂ ਦਿੱਲੀ: ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਸਾਰੇ ਦੇਸ਼ ਵਿੱਚ ਨਿਯਮ ਬਦਲਣ ਲੱਗੇ ਹਨ। ਦਰਅਸਲ, ਮੋਦੀ ਸਰਕਾਰ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਬਹੁਤ ਸਖ਼ਤੀ ਵਰਤੀ ਜਾ ਰਹੀ ਹੈ। ਹਾਲ ਹੀ ਵਿੱਚ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਮੋਟਰ ਵਾਹਨ ਸੋਧ ਬਿੱਲ ਪੇਸ਼ ਕੀਤਾ, ਜਿਸ ਨੂੰ ਦੋਵਾਂ ਸਦਨਾਂ ਵਿੱਚ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਹੁਣ ਪਹਿਲੀ ਸਤੰਬਰ ਤੋਂ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ।
ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਜੇ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਜਾਂਦਾ ਹੈ ਤਾਂ ਤੁਹਾਨੂੰ 10 ਗੁਣਾ ਹੋਰ ਚਲਾਨ ਭਰਨਾ ਪੈ ਸਕਦਾ ਹੈ। ਨਵੇਂ ਨਿਯਮਾਂ ਤੋਂ ਤੁਰੰਤ ਬਾਅਦ ਡ੍ਰਾਇਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦਾ ਫਾਰਮੈਟ ਬਦਲ ਜਾਵੇਗਾ। ਹੁਣ ਤਕ ਡਰਾਈਵਿੰਗ ਲਾਇਸੈਂਸ ਤੇ ਆਰਸੀ ਦਾ ਫਾਰਮੈਟ ਹਰ ਸੂਬੇ 'ਚ ਵੱਖਰਾ ਹੈ। ਪਰ ਹੁਣ ਸੂਬਿਆਂ ਦੇ ਅਨੁਸਾਰ ਨਿਯਮਾਂ ਵਿੱਚ ਬਦਲਾਅ ਆਏਗਾ। ਇਸ ਸਬੰਧੀ ਕੇਂਦਰ ਸਰਕਾਰ ਡਰਾਈਵਿੰਗ ਲਾਇਸੈਂਸ (DL) ਦੇ ਨਿਯਮਾਂ ਨੂੰ ਬਦਲਣ ਜਾ ਰਹੀ ਹੈ। ਇਸ ਵਿੱਚ DL ਤੇ RC ਦੋਵੇਂ ਇੱਕੋ ਜਿਹੇ ਹੋਣਗੇ।
ਪਹਿਲੀ ਸਤੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਮੁਤਾਬਕ DL ਤੇ RC ਦਾ ਫਾਰਮੈਟ ਇੱਕੋ ਜਿਹਾ ਹੋਏਗਾ ਤੇ ਇਨ੍ਹਾਂ 'ਤੇ ਇੱਕੋ ਜਿਹੀ ਜਾਣਕਾਰੀ ਦਿੱਤੀ ਜਾਏਗੀ। ਇਸ ਨਿਯਮ ਦੇ ਲਾਗੂ ਹੋਣ ਬਾਅਦ ਸਭ ਤੋਂ ਜ਼ਿਆਦਾ ਫਾਇਦਾ ਟ੍ਰੈਫਿਕ ਪੁਲਿਸ ਤੇ ਆਮ ਆਦਮੀ ਨੂੰ ਮਿਲੇਗਾ ਜਦੋਂ ਸਾਰੇ ਸੂਬਿਆਂ ਵਿੱਚ DL ਤੇ RC ਲਈ ਇੱਕੋ ਜਿਹੇ ਨਿਯਮ ਹੋਣਗੇ ਤਾਂ ਕੋਈ ਦਿੱਕਤ ਨਹੀਂ ਹੋਏਗੀ। ਨਵੇਂ ਨਿਯਮਾਂ ਬਾਅਦ DL ਤੇ RC ਵਿੱਚ Microchip ਤੇ QR Code ਦਿੱਤੇ ਜਾਣਗੇ ਜਿਸ ਨਾਲ ਕੁਝ ਸੈਕਿੰਡਜ਼ ਵਿੱਚ ਹੀ ਪੁਰਾਣੇ ਸਾਰੇ ਰਿਕਾਰਡ ਸਾਹਮਣੇ ਆ ਜਾਣਗੇ।