ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੀਂ ਕਾਰਜਕਾਰਨੀ ਮਿਲਣੀ ਹਾਲੇ ਇੰਨੀ ਸੌਖੀ ਨਹੀਂ ਜਾਪਦੀ। ਪਹਿਲਾਂ ਕਾਰਜਕਾਰਨੀ ਦੀ ਚੋਣ ਕਰਨ ਲਈ ਆਉਂਦੀ 30 ਨੂੰ ਇਕੱਤਰਤਾ ਸੱਦੀ ਸੀ ਪਰ ਬਾਅਦ ਵਿੱਚ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ। ਬੀਤੀ ਛੇ ਦਸੰਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਕਾਰਜਕਾਰਨੀ ਭੰਗ ਕਰ ਦਿੱਤੀ ਗਈ ਸੀ ਅਤੇ ਇਸ ਮਹੀਨੇ ਦੇ ਅੰਤ ਤਕ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਕਰਨ ਸਬੰਧੀ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਜੀਕੇ ਦੇ ਜਾਣ ਮਗਰੋਂ ਦਿੱਲੀ ਕਮੇਟੀ ਲਈ ਥਾਪਿਆ ਕਾਰਜਕਾਰੀ ਪ੍ਰਧਾਨ
ਮਨਜੀਤ ਸਿੰਘ ਜੀਕੇ ਦੇ ਕਮੇਟੀ ਦੇ ਪ੍ਰਧਾਨ ਤੋਂ ਅਸਤੀਫੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਹਰਮੀਤ ਸਿੰਘ ਕਾਲਕਾ ਨੂੰ ਡੀਐਸਜੀਐਮਸੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਸੀ। ਬੀਤੇ ਕੱਲ੍ਹ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਚਿੱਠੀ ਜਾਰੀ ਕੀਤੀ, ਜੋ ਅੱਜ ਬਾਹਰ ਆਈ ਹੈ। ਚਿੱਠੀ ਮੁਤਾਬਕ ਕਮੇਟੀ ਮੈਂਬਰਾਂ ਦਾ ਜਨਰਲ ਇਜਲਾਸ 30 ਦਸੰਬਰ ਨੂੰ ਸੱਦਿਆ ਸੀ। ਪਰ ਬਾਅਦ ਮਨਜਿੰਦਰ ਸਿਰਸਾ ਵੱਲੋਂ ਮੀਡੀਆ ਨੂੰ ਭੇਜੇ ਵੱਖਰੇ ਸੰਦੇਸ਼ ਵਿੱਚ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ।
ਇਸੇ ਇਕੱਤਰਕਾ ਦੌਰਾਨ ਨਵੀਂ ਕਾਰਜਕਾਰਨੀ ਦੀ ਚੋਣ ਸੰਭਵ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਐਕਟ -1971 ਦੇ ਇਤਿਹਾਸ ਦੇ 47 ਸਾਲਾਂ ਦੌਰਾਨ ਪਹਿਲੀ ਵਾਰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ।