ਨਵੀਂ ਦਿੱਲੀ: ਦੇਸ਼ ਵਿੱਚ ਝੱਖੜ-ਤੂਫਾਨ ਤੇ ਭਾਰੀ ਮੀਂਹ ਦੇ ਚੱਲਦਿਆਂ ਐਤਵਾਰ ਨੂੰ ਦੇਸ਼ ਦੇ 6 ਰਾਜਾਂ 'ਚ 48 ਲੋਕ ਮਾਰੇ ਗਏ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਸਭ ਤੋਂ ਜ਼ਿਆਦਾ ਮੌਤਾਂ ਉੱਤਰ ਪ੍ਰਦੇਸ਼ 'ਚ ਹੋਈਆਂ।


 

ਦਿੱਲੀ 'ਚ ਤੇਜ਼ ਹਨ੍ਹੇਰੀ ਦੇ ਚੱਲਦਿਆਂ 70 ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦਿੱਲੀ, ਗਾਜ਼ੀਆਬਾਦ ਤੇ ਮੁਰਾਦਾਬਾਦ 'ਚ 12 ਤੋਂ ਵੱਧ ਰੇਲਾਂ ਰਾਹ 'ਚ ਹੀ ਅਟਕੀਆਂ ਰਹੀਆਂ। ਇੱਥੋਂ ਤਕ ਕਿ ਮੌਸਮ ਦੀ ਖਰਾਬੀ ਦੇ ਚੱਲਦਿਆਂ ਦੋ ਘੰਟੇ ਤੱਕ ਮੈਟਰੋ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ।

ਝੱਖੜ-ਤੂਫਾਨ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ 12 ਜ਼ਿਲ੍ਹਿਆਂ 'ਚ 18 ਲੋਕਾਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ 6 ਮੌਤਾਂ ਹੋ ਗਈਆਂ। ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਰ ਬੱਚਿਆਂ ਸਮੇਤ ਕੁੱਲ 12 ਲੋਕਾਂ ਦੀ ਜਾਨ ਚਲੀ ਗਈ। ਦਿੱਲੀ 'ਚ ਸੈਂਕੜੇ ਦਰੱਖਤ, ਕਈ ਖੰਭੇ ਤੇ ਦੀਵਾਰਾਂ ਡਿੱਗਣ ਨਾਲ ਦੋ ਮੌਤਾਂ ਹੋ ਗਈਆਂ ਤੇ ਪੰਜ ਲੋਕ ਜ਼ਖਮੀ ਹੋ ਗਏ। ਗੁਜਰਾਤ 'ਚ ਤੇਜ਼ ਹਵਾਵਾਂ ਦੇ ਚੱਲਦਿਆਂ ਕਾਰਨ ਇੱਕ ਧਾਰਮਿਕ ਸਮਾਗਮ ਦਾ ਪੰਡਾਲ ਡਿੱਗਣ ਨਾਲ ਚਾਰ ਲੋਕ ਮਾਰੇ ਗਏ।

ਉੱਧਰ ਚੰਡੀਗੜ੍ਹ 'ਚ ਭਾਰੀ ਤੂਫਾਨ ਤੋਂ ਬਾਅਦ ਪਏ ਮੀਂਹ ਤੋਂ ਬਾਅਦ ਤਾਪਮਾਨ 'ਚ 14 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅੱਜ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਚੰਡੀਗੜ੍ਹ, ਪੱਛਮੀ ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆ ਚ ਝੱਖੜ-ਤੂਫਾਨ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।