ਲਖਨਊ: ਰੇਲ ਗੱਡੀਆਂ ਵਿੱਚ ਸਫ਼ਰ ਦੌਰਾਨ ਮਹਿਲਾਵਾਂ ਨਾਲ ਛੇੜਖਾਨੀ ਤ ਹੋਰ ਪਰੇਸ਼ਾਨੀਆਂ ਦੇ ਤੁਰੰਤ ਹੱਲ ਲਈ ਰੇਲ ਮੰਤਰਾਲਾ ਨਵਾਂ ਕਦਮ ਚੁੱਕ ਰਿਹਾ ਹੈ। ਹੁਣ ਰੇਲ ਦੇ ਹਰ ਡੱਬੇ ਵਿੱਚ ਇੱਕ ‘ਪੈਨਿਕ ਬਟਨ’ ਲਾਇਆ ਜਾਵੇਗਾ ਜਿਸ ਨੂੰ ਸੰਕਟ ਵੇਲੇ ਦੱਬੇ ਜਾਣ ’ਤੇ ਡੱਬੇ ਵਿੱਚ ਹੀ ਤੁਰੰਤ ਮਦਦ ਮੁਹੱਈਆ ਕਰਾਈ ਜਾਵੇਗੀ। ਇਸ ਦੇ ਇਲਾਵਾ ਜਿਨ੍ਹਾਂ ਰੇਲਾਂ ਵਿੱਚ ਮਹਿਲਾਵਾਂ ਲਈ ਵਿਸ਼ੇਸ਼ ਕੋਚ ਹੁੰਦੇ ਹਨ, ਉਨ੍ਹਾਂ ਨੂੰ ਰੇਲ ਦੇ ਹੋਰ ਡੱਬਿਆਂ ਦੇ ਰੰਗ ਨਾਲੋਂ ਵੱਖਰੇ ਰੰਗ ਦਾ ਪੇਂਟ ਕਰਾਇਆ ਜਾਵੇਗਾ ਤੇ ਉਨ੍ਹਾਂ ਨੂੰ ਗੱਡੀ ਦੇ ਵਿਚਕਾਰ ਲਾਇਆ ਜਾਵੇਗਾ। ਕਾਬਿਲੇਗ਼ੌਰ ਹੈ ਕਿ ਰੇਲ ਮੰਤਰਾਲਾ ਸਾਲ 2018 ਨੂੰ ‘Woman and Child Safety Year’ ਵਜੋਂ ਮਨਾ ਰਿਹਾ ਹੈ।

 

ਮਹਿਲਾਵਾਂ ਦੀ ਸੁਰੱਖਿਆ ਲਈ ਰੇਲ ’ਚ ਲੱਗਣਗੇ ‘ਪੈਨਿਕ ਬਟਨ’ 

ਪੂਰਬ-ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਸੰਜੈ ਯਾਦਵ ਨੇ ਦੱਸਿਆ ਕਿ ਰੇਲਾਂ ਵਿੱਚ ਔਰਤਾਂ ਨਾਲ ਛੇੜਖਾਨੀ ਤੇ ਹੋਰ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਹਨ। ਇਸ ਨੂੰ ਵੇਖਦਿਆਂ ਰੇਲਵੇ ਪ੍ਰਸ਼ਾਸਨ ਉਨ੍ਹਾਂ ਦੀ ਉਨ੍ਹਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕ ਰਿਹਾ ਹੈ ਤਾਂਕਿ ਰੇਲ ਗੱਡੀਆਂ ਵਿੱਚ ਉਹ ਸੁਰੱਖਿਅਤ ਸਫ਼ਰ ਕਰ ਸਕਣ। ਇਸ ਲਈ ਰੇਲਵੇ ਗੱਡੀਆਂ ਵਿੱਚ ਪੈਨਿਕ ਬਟਨ ਲਾਉਣ ਦਾ ਕੰਮ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਪੈਨਿਕ ਬਟਨ ਦੱਬਣ ਨਾਲ ਰੇਲ ਦੇ ਗਾਰਡ ਨੂੰ ਤੁਰੰਤ ਪਤਾ ਚੱਲ ਜਾਵੇਗਾ ਕਿ ਰੇਲ ਦੇ ਕਿਸ ਡੱਬੇ ਵਿੱਚ ਮਹਿਲਾ ਪਰੇਸ਼ਾਨੀ ’ਚ ਹੈ। ਗਾਰਡ ਰੇਲ ਵਿੱਚ ਹਾਜ਼ਰ ਐਸਕੌਰਟ ਕਰਨ ਵਾਲੇ ਜਵਾਨਾਂ ਤੇ ਟੀਟੀਈ ਨੂੰ ਵਾਕੀ-ਟਾਕੀ ਜ਼ਰੀਏ ਸੂਚਿਤ ਕਰੇਗਾ। ਜਵਾਨ ਤੁਰੰਤ ਉਸ ਡੱਬੇ ਵਿੱਚ ਜਾਣਗੇ ਤੇ ਕਾਰਵਾਈ ਕਰਨਗੇ।

ਯਾਦਵ ਨੇ ਦੱਸਿਆ ਕਿ ਲੋੜ ਪੈਣ ’ਤੇ ਮਹਿਲਾ ਯਾਤਰੀ ਅਲਾਰਮ ਚੇਨ ਨਾਲ ਲੱਗਾ ਬਟਨ ਦਬਾ ਸਕਦੀ ਹੈ। ਇਸ ਵਿੱਚ ਗਾਰਡ ਦੇ ਇਲਾਵਾ  ਕੋਚ ਦੇ ਬਾਹਰ ਉਪਲੱਬਧ ਫਲੈਸ਼ਰ ਇਕਾਈਆਂ ’ਤੇ ਲੱਗੇ ਆਡੀਓ-ਵੀਡੀਓ ਸੰਕੇਤ ਵੀ ਮਿਲਣਗੇ। ਰੇਲ ਨੂੰ ਐਸਕੋਰਟ ਕਰਨ ਵਾਲੀ ਟੀਮ ਤੁਰੰਤ ਸਤਰਕ ਹੋ ਜਾਵੇਗੀ ਤੇ ਸੰਕੇਤ ਦੇ ਆਧਾਰ ’ਤੇ ਤੁਰੰਤ ਟੀਮ ਪੀੜਤ ਯਾਤਰੀ ਕੋਲ ਪਹੁੰਚ ਜਾਵੇਗੀ।