ਚੰਡੀਗੜ੍ਹ: ਬੀਜੇਪੀ ਨੇ ਕਾਂਗਰਸ ਲੀਡਰ ਪੀ ਚਿਦੰਬਰਮ ’ਤੇ ਵਿਦੇਸ਼ ਵਿੱਚ ਅਣਐਲਾਨੀ ਜਾਇਦਾਦ ਰੱਖਣ ਦਾ ਇਲਜ਼ਾਮ ਲਾਇਆ ਹੈ। ਬੀਜੇਪੀ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਹੈ ਕਿ ਉਹ ਆਪਣੇ ਸੀਨੀਅਰ ਲੀਡਰ ਦੀ ਅਣਐਲਾਨੀ ਜਾਇਦਾਦ ਸਬੰਧੀ ਕੁਝ ਬੋਲਣਗੇ? ਬੀਜੇਪੀ ਵੱਲੋ ਨਿਰਮਲਾ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ਕਰ ਕੇ ਚਿਦੰਬਰਮ ’ਤੇ ਇਹ ਇਲਜ਼ਾਮ ਲਾਏ। ਫਿਲਹਾਲ ਚਿਦੰਬਰਮ ਵੱਲੋਂ ਹਾਲ਼ੇ ਤਕ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ।
ਨਿਰਮਲਾ ਸੀਤਾਰਮਣ ਨੇ ਕਿਹਾ ਕ ਸਾਬਕਾ ਮੰਤਰੀ ਪੀ ਚਿਦੰਬਰਮ ’ਤੇ ਵਿਦੇਸ਼ ਵਿੱਚ ਉਨ੍ਹਾਂ ਦੀ ਜਾਇਦਾਦ ਦਾ ਪੂਰਾ ਵੇਰਵਾ ਹਲਫਨਾਮਿਆਂ ਵਿੱਚ ਨਾ ਦੇਣ ਦਾ ਇਲਜ਼ਾਮ ਲੱਗਾ ਹੈ। ਇਸ ਇਲਜ਼ਾਮ ’ਤੇ ਇਨਕਮ ਟੈਕਸ ਵਿਭਾਗ ਵੱਲੋਂ 4 ਚਾਰਜਸ਼ੀਟ ਦਾਖ਼ਲ ਕੀਤੀਆਂ ਗਈਆਂ ਹਨ।
ਅਮਿਤ ਸ਼ਾਹ ਨੇ ਵੀ ਕੱਸਿਆ ਚਿਦੰਬਰਮ ’ਤੇ ਨਿਸ਼ਾਨਾ
ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਕਾਂਗਰਸ ਲੀਡਰ ਪੀ ਚਿਦੰਬਰਮ ਨੂੰ ਨਿਸ਼ਾਨੇ ’ਤੇ ਲਿਆ ਹੈ। ਅਮਿਤ ਸ਼ਾਹ ਨੇ ਲਿਖਿਆ ਕਿ ਬਲੈਕ ਮਨੀ ਐਕਟ ਦੇ ਤਹਿਤ ਪੀ ਚਿਦੰਬਰਮ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ 4 ਚਾਰਜਸ਼ੀਟਾਂ ਫਾਈਲ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਯੂਪੀਏ ਸਰਕਾਰ ਵਿੱਚ ਕਾਲ਼ੇ ਧਨ ’ਤੇ SIT ਕਿਉਂ ਨਹੀਂ ਬਣਾਈ ਗਈ। ਸ਼ਾਹ ਨੇ ਕਿਹਾ ਕਿ ਜੇ ਉਹ ਸਿਟ ਬਣਾਉਂਦੇ ਤਾਂ ਇਨ੍ਹਾਂ ਦੇ ਨਾਂ ਵੀ ਜੱਗ ਜਾਹਰ ਹੋ ਜਾਂਦੇ।
ਕਾਂਗਰਸ ਦਾ ਪਲ਼ਟਵਾਰ- ਪਹਿਲਾਂ ਰਾਫੇਲ ’ਤੇ ਸਫ਼ਾਈ ਦੇਵੇ ਰੱਖਿਆ ਮੰਤਰੀ
ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਰਾਫੇਲ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਰੱਖਿਆ ਮੰਤਰੀ ਸੀਤਾਰਮਣ ਨੂੰ ਹੀ ਨਿਸ਼ਾਨੇ ’ਤੇ ਲੈ ਲਿਆ। ਕਾਂਗਰਸ ਲੀਡਰ ਪਵਨ ਖੇੜਾ ਨੇ ਕਿਹਾ ਕਿ 17 ਨਵੰਬਰ, 2017 ਨੂੰ ਪ੍ਰੈਸ ਵਾਰਤਾ ਵਿੱਚ ਕਿਹਾ ਗਿਆ ਸੀ ਕਿ ਰਾਫੇਲ ਕਿੰਨੇ ਵਿੱਚ ਖਰੀਦਿਆ ਗਿਆ ਸੀ, ਉਸ ਨੂੰ ਜਨਤਕ ਕਰੋ। ਫਿਰ 5 ਫਰਵਰੀ, 2018 ਨੂੰ ਇਨ੍ਹਾਂ ਨੇ ਇਨਕਾਰ ਕਰ ਦਿੱਤਾ ਕਿ ਉਹ ਇਸ ਦਾ ਖ਼ੁਲਾਸਾ ਨਹੀਂ ਕਰਨਗੇ। ਰੱਖਿਆ ਮੰਤਰੀ ਨੇ ਜੋ ਆਦੇਸ਼ ਦਿੱਤਾ ਉਸੀ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਤੇ ਪ੍ਰਧਾਨ ਮੰਤਰੀ ਪਹਿਲਾਂ 58 ਹਜ਼ਾਰ ਕਰੋੜ ਦੇ ਰਾਫੇਲ ਸਕੈਮ ਬਾਰੇ ਜਵਾਬ ਦੇਣ।