ਜੰਮੂ: ਕੋਰੋਨਾ ਵਾਇਰਸ ਦੇ ਪਾਸਾਰ ਨੂੰ ਰੋਕਣ ਲਈ ਜਾਰੀ ਲੌਕਡਾਊਨ ਨਾਲ ਡਗਮਗਾ ਰਹੀ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਜੰਮੂ-ਕਸ਼ਮੀਰ ਸਰਕਾਰ ਨੇ ਕੁਝ ਜ਼ਰੂਰੀ ਉਦਯੋਗਿਕ ਇਕਾਈਆਂ 'ਚ ਉਤਪਾਦਨ ਸ਼ੁਰੂ ਕਰਨ ਦੀ ਹਾਮੀ ਭਰ ਦਿੱਤੀ ਹੈ। ਸੂਤਰਾਂ ਮੁਤਾਬਕ ਪਹਿਲੇ ਗੇੜ 'ਚ ਅਜਿਹੀਆਂ ਚੋਣਵੀਆਂ ਕਰੀਬ 20 ਇਕਾਈਆਂ ਨੂੰ ਉਤਪਾਦਨ ਦੀ ਇਜਾਜ਼ਤ ਦਿੱਤੀ ਜਾਵੇਗੀ।


ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ 'ਚ ਜਿੁੰਨ੍ਹਾਂ ਉਦਯੋਗਿਕ ਇਕਾਈਆਂ ਨੂੰ ਉਤਪਾਦਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਉਨ੍ਹਾਂ 'ਚ ਆਟਾ, ਦਾਲ, ਚਾਵਲ, ਫਾਰਮਾ, ਸਾਬਣ, ਖਾਧ ਤੇਲ, ਜੂਸ ਸਮੇਤ 20 ਇਕਾਈਆਂ ਸ਼ਾਮਲ ਹਨ। ਲੌਕਡਾਊਨ ਦੇ ਤੁਰੰਤ ਬਾਅਦ ਤੋਂ ਅਜਿਹੀਆਂ ਕਈ ਇਕਾਈਆਂ 'ਚ ਕੰਮ ਪਹਿਲਾਂ ਵੀ ਚੱਲ ਰਿਹਾ ਸੀ ਪਰ ਹੁਣ ਸਰਕਾਰ ਨੇ ਇਨ੍ਹਾਂ ਜ਼ਰੂਰੀ ਵਸਤੂਆਂ ਦੇ ਉਤਪਾਦਨ ਨਾਲ ਜੁੜੀਆਂ ਸਾਰੀਆਂ ਇਕਾਈਆਂ 'ਚ ਕੰਮ ਸ਼ੁਰੂ ਕਰਵਾਉਣ ਦਾ ਫੈਸਲਾ ਲਿਆ ਹੈ।


ਦਰਅਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 20 ਅਪ੍ਰੈਲ ਤੋਂ ਉਤਪਾਦਨ ਖੇਤਰ 'ਚ ਕੁਝ ਰਿਆਇਤ ਦੇਣ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਨੇ ਸੂਬੇ 'ਚ ਉਦਯੋਗਿਕ ਇਕਾਈਆਂ ਨੂੰ ਚਲਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕਰਨ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇਕਰ ਕੋਈ ਇਕਾਈ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ ਤਾਂ ਉਸਦੀ ਆਗਿਆ ਰੱਦ ਕੀਤੀ ਜਾਵੇਗੀ।


ਇਨ੍ਹਾਂ ਦਿਸ਼ਾ ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਆ ਕਿ ਰੈੱਡ ਜ਼ੋਨ 'ਚ ਕਿਸੇ ਵੀ ਇਕਾਈ ਨੂੰ ਫਿਲਹਾਲ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਰੈੱਡ ਜ਼ੋਨ ਚੋਂ ਕਿਸੇ ਕਰਮਚਾਰੀ ਨੂੰ ਕੰਮ 'ਤੇ ਬੁਲਾਇਆ ਜਾਵੇਗਾ।