ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕਰੀਬ 10-14 ਅਧਿਕਾਰੀਆਂ ਨੇ ਰਾਬਰਟ ਵਾਡਰਾ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਸ਼ਨੀਵਾਰ ਸਵੇਰੇ ਤਕਰੀਬਨ 3 ਵਜੇ ਤਕ ਛਆਪੇਮਾਰੀ ਕਰਕੇ ਅਧਿਕਾਰੀ ਦਫ਼ਤਰ ’ਚੋਂ ਬਾਹਰ ਨਿਕਲੇ। ਦਰਅਸਲ, ਸ਼ੁੱਕਰਵਾਰ ਨੂੰ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਕੰਪਨੀਆਂ ਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇ ਰੱਖਿਆ ਸੌਦੇ ਵਿੱਚ ਕੁਝ ਲੋਕਾਂ ਵੱਲੋਂ ਕਥਿਤ ਰਿਸ਼ਵਤ ਲੈਣ ਸਬੰਧੀ ਕੀਤੀ ਜਾ ਰਹੀ ਹੈ।

ਦਿੱਲੀ ਦੇ ਸੁਖਦੇਵ ਵਿਹਾਰ ਸਥਿਤ ਦਫ਼ਤਰ ਕਮ ਹੋਮ ਵਿੱਚ ਕੱਲ੍ਹ ਸਵੇਰੇ ਤਕਰੀਬਨ 9:30 ਵਜੇ ਤੋਂ ਈਡੀ ਦੀ ਟੀਮ ਛਾਪੇਮਾਰੀ ਕਰਨ ਲਈ ਪੁੱਜ ਗਈ ਸੀ। ਲਗਪਗ 15-16 ਘੰਟਿਆਂ ਬਾਅਦ ਵਾਡਰਾ ਦੇ ਦਫ਼ਤਰ ਵਿੱਚ ਕੁਝ ਹਰਕਤ ਹੋਈ। ਈਡੀ ਦੀ ਟੀਮ ਨੇ ਵਾਡਰਾ ਦੇ ਦਫ਼ਤਰ ਵਿੱਚੋਂ 3 ਸਫੈਦ ਸੇਡਾਨ ਗੱਡੀਆਂ ਦੀਆਂ ਡਿੱਗੀਆਂ ਵਿੱਚ ਕਈ ਫਾਈਲਾਂ ਤੇ 3 ਸੀਲ ਕੀਤੇ ਹੋਏ ਲਾਕਰ ਰਖਵਾਏ।



ਸੂਤਰਾਂ ਮੁਤਾਬਕ ਈਡੀ ਨੇ ਵਾਡਰਾ ਦੇ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਡੀਐਕਟੀਵੇਟ ਕਰ ਦਿੱਤੇ ਸੀ। ਦਫ਼ਤਰ ਅੰਦਰ ਵੱਡੇ ਪੱਧਰ ’ਤੇ ਤੋੜ ਫੋੜ ਵੀ ਹੋਈ ਹੈ। ਵਾਡਰਾ ਦੇ ਦਫ਼ਤਰ ਦੀ ਪਹਿਲੀ ਤੇ ਦੂਜੀ, ਦੋਵਾਂ ਮੰਜ਼ਲਾਂ ਦੀ ਛਾਣਬੀਣ ਕੀਤੀ ਗਈ। ਕਈ ਕੰਪਿਊਟਰਾਂ ਦੇ CPU ਤੋਂ ਹਾਰਡ ਡਿਸਕ, ਕਈ ਕੰਪਨੀਆਂ ਦੇ ਕਾਗਜ਼ਾਤ, ਪੈਨ ਡ੍ਰਾਈਵ ਤੇ ਹੋਰ ਚੀਜ਼ਾਂ ਨੂੰ ਜ਼ਬਤ ਕੀਤਾ ਗਿਆ।

ਸੂਤਰਾਂ ਮੁਤਾਬਕ ਈਡੀ ਨੇ ਦਫ਼ਤਰ ਦੀ ਰਸੋਈ ਤੇ ਵਾਸ਼ਰੂਮ ਦੀਆਂ ਦੀਵਾਰਾਂ ਤਕ ਤੋੜ ਕੇ ਛਾਣਬੀਣ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਾਡਰਾ ਦੇ ਦਫ਼ਤਰ ਅੰਦਰ ਕੰਮ ਕਰਨ ਵਾਲੇ ਲੋਕਾਂ ਨਾਲ ਈਡੀ ਬਹੁਤ ਸਖ਼ਤੀ ਨਾਲ ਪੇਸ਼ ਆਈ।