ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਫੜਨ ਲਈ ਨਾ ਸਿਰਫ ਕਮਿਸ਼ਨ ਬਲਕਿ ਕਮਿਸ਼ਨ ਦੀ ਡਿਜੀਟਲ ਫ਼ੌਜ ਵੀ ਨਿਗ੍ਹਾ ਰੱਖੇਗੀ। ਆਪਣੀ ਇਸ ਫ਼ੌਜ ਰਾਹੀਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿੱਚ ਬੈਠੇ-ਬੈਠੇ ਜ਼ਾਬਤਾ ਟੁੱਟਣ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ। ਆਪਣੀ ਟੀਮ ਵੱਲੋਂ ਭੇਜੀ ਜਾਣਕਾਰੀ ਤੋਂ ਪੌਣੇ ਦੋ ਘੰਟੇ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 'ਸੀ-ਵਿਜੀਲ' ਮੋਬਾਈਲ ਐਪ ਰਾਹੀਂ ਉਹ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਦੀ ਤਸਵੀਰ ਜਾਂ ਵੀਡੀਓ ਭੇਜੀ ਜਾਵੇ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਸ਼ਿਕਾਇਤ ਨੂੰ 100 ਮਿੰਟਾਂ ਦੇ ਅੰਦਰ ਹੱਲ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਇਸ ਐਪ ਦੀ ਪਰਖ ਸਾਲ 2018 ਵਿੱਚ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੀ ਸੀ ਅਤੇ ਸਫਲ ਪਾਏ ਜਾਣ 'ਤੇ ਇਸ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਵਰਤਿਆ ਜਾ ਰਿਹਾ ਹੈ।ਪੰਜਾਬ ਦੇ ਲੋਕ ਇਸ ਐਪ ਪ੍ਰਤੀ ਕਾਫੀ ਉਤਸ਼ਾਹ ਦਿਖਾ ਰਹੇ ਹਨ। ਐਪ ਨੇ ਲੋਕਾਂ ਨੂੰ ਦਫ਼ਤਰਾਂ ਵਿੱਚ ਗੇੜੇ ਮਾਰ ਕੇ ਸ਼ਿਕਾਇਤ ਦਰਜ ਕਰਵਾਉਣ ਅਤੇ ਸਬੂਤ ਇਕੱਠੇ ਕਰਨ ਦਾ ਝੰਜਟ ਵੀ ਖ਼ਤਮ ਕਰ ਦਿੱਤਾ ਹੈ। ਹੁਣ ਸਾਧਾਰਨ ਵੋਟਰ ਤੇ ਆਮ ਲੋਕ ਵੀ ਆਸਾਨੀ ਨਾਲ ਸ਼ਿਕਾਇਤ ਕਰ ਸਕਦੇ ਹਨ।