Know Your Candidate APP:  ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ। ਪਹਿਲੇ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ ਵੀ ਅੱਜ ਤੋਂ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਵੋਟਰ ਮੋਬਾਈਲ ਰਾਹੀਂ ਆਪਣੇ ਉਮੀਦਵਾਰਾਂ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਇਸ ਦੇ ਲਈ ਚੋਣ ਕਮਿਸ਼ਨ ਨੇ KYC (Know Your Casndidate) ਐਪ ਨੂੰ ਨਵੇਂ ਅਵਤਾਰ ਵਿੱਚ ਪੇਸ਼ ਕੀਤਾ ਹੈ। ਇਸ ਐਪ ਰਾਹੀਂ ਵੋਟਰ ਆਪਣੇ ਇਲਾਕੇ ਦੇ ਲੋਕ ਸਭਾ ਉਮੀਦਵਾਰ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਇੰਨਾ ਹੀ ਨਹੀਂ, ਇਸ ਐਪ ਰਾਹੀਂ ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਉਮੀਦਵਾਰ ਦਾ ਪਿਛੋਕੜ ਕੀ ਹੈ ਅਤੇ ਕੀ ਉਸ 'ਤੇ ਕੋਈ ਅਪਰਾਧਿਕ ਮਾਮਲਾ ਦਰਜ ਹੈ।


 
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ KYC (Know Your Casndidate) ਐਪ ਨੂੰ ਵੀ ਅਪਡੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਬਾਰੇ ਜਾਣਨ ਦੀ ਲੋੜ ਹੈ ਅਤੇ ਐਪ ਇਸ ਵਿੱਚ ਅਹਿਮ ਭੂਮਿਕਾ ਨਿਭਾਏਗੀ।


 
  KYC ਐਪ ਨੂੰ ਚੋਣ ਕਮਿਸ਼ਨ ਨੇ Android ਅਤੇ IOS ਦੋਵਾਂ ਉਪਭੋਗਤਾਵਾਂ ਲਈ ਡਿਜ਼ਾਈਨ ਕੀਤਾ ਹੈ। ਇਹ ਐਪ ਚੋਣਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ।


ਇਸ ਐਪ ਰਾਹੀਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਨਾਲ ਸਬੰਧਤ ਹਰ ਛੋਟੀ-ਵੱਡੀ ਜਾਣਕਾਰੀ ਮਿਲੇਗੀ। ਚੋਣ ਕਮਿਸ਼ਨ ਦੀ ਇਸ ਐਪ ਰਾਹੀਂ ਵੋਟਰ ਉਮੀਦਵਾਰਾਂ ਬਾਰੇ ਜਾਣ ਕੇ ਸਹੀ ਫੈਸਲਾ ਲੈ ਸਕਦੇ ਹਨ।


 
ਖਾਸ ਗੱਲ ਇਹ ਹੈ ਕਿ ਇਸ ਐਪ ਰਾਹੀਂ ਇਹ ਵੀ ਪਤਾ ਲੱਗੇਗਾ ਕਿ ਕਿਸੇ ਉਮੀਦਵਾਰ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਮੀਦਵਾਰ ਦੀ ਜਾਇਦਾਦ ਅਤੇ ਦੌਲਤ ਬਾਰੇ ਵੀ ਜਾਣਕਾਰੀ ਮਿਲੇਗੀ।


  ਉਮੀਦਵਾਰਾਂ ਲਈ ਅਖਬਾਰਾਂ ਅਤੇ ਟੈਲੀਵਿਜ਼ਨ 'ਤੇ ਤਿੰਨ ਵਾਰ ਆਪਣੇ ਅਪਰਾਧਿਕ ਰਿਕਾਰਡ ਦਾ ਖੁਲਾਸਾ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜੇਕਰ ਪਾਰਟੀ ਨੇ ਅਪਰਾਧਿਕ ਪਿਛੋਕੜ ਵਾਲਾ ਉਮੀਦਵਾਰ ਖੜ੍ਹਾ ਕੀਤਾ ਹੈ ਤਾਂ ਉਸ ਨੂੰ ਆਪਣੀ ਚੋਣ ਦੇ ਕਾਰਨ ਵੀ ਦੱਸਣੇ ਪੈਣਗੇ।