ਨਵੀਂ ਦਿੱਲੀ: ਲੋਕ ਸਭਾ ਚੋਣਾਂ ਸਬੰਧੀ ਇਲੈਕਸ਼ਨ ਕਮਿਸ਼ਨ ਦੀਆਂ ਤਿਆਰੀਆਂ ਅੰਤਿਮ ਪੜਾਅ 'ਤੇ ਹਨ। ਸੂਤਰਾਂ ਮੁਤਾਬਕ ਇਲੈਕਸ਼ਨ ਕਮਿਸ਼ਨ ਜਲਦ ਹੀ ਲੋਕ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅਪ੍ਰੈਲ-ਮਈ ਮਹੀਨੇ ਹੋਣ ਵਾਲੀਆਂ ਆਮ ਚੋਣਾਂ 7-8 ਗੇੜਾਂ 'ਚ ਮੁਕੰਮਲ ਹੋਣ ਦਾ ਅੰਦਾਜ਼ਾ ਹੈ।

ਮੌਜੂਦਾ ਲੋਕ ਸਭਾ ਸੈਸ਼ਨ ਦੀ ਮਿਆਦ ਤਿੰਨ ਜੂਨ ਨੂੰ ਖ਼ਤਮ ਹੋ ਰਹੀ ਹੈ। ਅਜਿਹੇ 'ਚ ਦੇਸ਼ 'ਚ ਹੋਣ ਵਾਲੀਆਂ 17ਵੀਆਂ ਆਮ ਚੋਣਾਂ ਦਾ ਐਲਾਨ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਮਾਰਚ ਦੇ ਅੰਤ ਤਕ ਜਾਰੀ ਕੀਤਾ ਜਾ ਸਕਦਾ ਹੈ।

ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼, ਓੜੀਸਾ, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਜਾ ਸਕਦੀਆਂ ਹਨ।

ਓਧਰ ਜੰਮੂ-ਕਸ਼ਮੀਰ 'ਚ ਭੰਗ ਹੋਈ ਵਿਧਾਨ ਸਭਾ ਤੋਂ ਬਾਅਦ ਉੱਥੇ ਵੀ ਨਵੇਂ ਸਿਰੇ ਤੋਂ ਚੋਣ ਕਰਵਾਉਣੀ ਹੈ। ਵਿਧਾਨ ਸਭਾ ਭੰਗ ਹੋਣ ਮਗਰੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਚੋਣ ਮੁੜ ਤੋਂ ਕਰਾਉਣੀ ਲਾਜ਼ਮੀ ਹੁੰਦੀ ਹੈ ਤੇ ਜੰਮੂ-ਕਸ਼ਮੀਰ 'ਚ ਇਹ ਮਿਆਦ ਮਈ 'ਚ ਖ਼ਤਮ ਹੋ ਰਹੀ ਹੈ।

ਹਾਲਾਂਕਿ, ਇਹ ਕਿਆਸਰਾਈਆਂ ਹਨ ਕਿ ਜੰਮੂ-ਕਸ਼ਮੀਰ 'ਚ ਵੀ ਵਿਧਾਨ ਸਭਾ ਚੋਣ ਆਮ ਚੋਣਾਂ ਦੇ ਨਾਲ ਹੀ ਕਰਾਈ ਜਾ ਸਕਦੀ ਹੈ ਪਰ ਮੌਜੂਦਾ ਸਮੇਂ ਭਾਰਤ-ਪਾਕਿਸਤਾਨ 'ਚ ਚੱਲ ਰਹੇ ਤਣਾਅ ਦੇ ਚੱਲਦਿਆਂ ਸੂਬੇ 'ਚ ਵੱਡੀ ਮਾਤਰਾ 'ਚ ਸੁਰੱਖਿਆਂ ਪ੍ਰਬੰਧਾਂ 'ਤੇ ਨਿਰਭਰ ਕਰਦਾ ਹੈ।