ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਸਾਂਸਦ ਸੰਜੈ ਸਿੰਘ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਕਿਹਾ ਕਿ ਕਿਸਾਨ, ਜਵਾਨ, ਵਪਾਰੀ ਤੇ ਮਹਿਲਾਵਾਂ ਬੀਜੇਪੀ ਦੀਆਂ ਨੀਤੀਆਂ ਤੋਂ ਖ਼ੁਸ਼ ਨਹੀਂ ਸਨ। ਇਹੀ ਕਾਰਨ ਹੈ ਕਿ ਪਾਰਟੀ ਨੂੰ ਆਪਣੀ ਸੱਤਾ ਵਾਲੇ ਸੂਬਿਆਂ ਵਿੱਚ ਵੀ ਹਾਰ ਦੀ ਸਾਹਮਣਾ ਕਰਨਾ ਪਿਆ।

ਸੰਜੈ ਸਿੰਘ ਨੇ ਟਵੀਟ ਕੀਤਾ, ‘ਬਜਰੰਗ ਬਲੀ ਦੀ ਜਾਤੀ ਖੋਜਣ ਵਾਲਿਓ, ਜਨਤਾ ਦਾ ਪੇਟ ਜੁਮਲਿਆਂ ਨਾਲ ਨਹੀਂ ਭਰਦਾ। ਰਾਮ ਦੇ ਨਾਂ ’ਤੇ ਨਹੀਂ, ਕੰਮ ਦੇ ਨਾਂ ’ਤੇ ਵੋਟ ਮੰਗੋ, 2019 ਵਿੱਚ ਭਾਜਪਾ ਮੁਕਤ ਹਿੰਦੁਸਤਾਨ ਬਣੇਗਾ।’



ਦਿੱਲੀ ਦੇ ਸੀਐਮ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਕਿ ਮੋਦੀ ਰਾਜ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।



ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ 2019 ਵਿੱਚ ਭਾਰਤ ਬੀਜੇਪੀ ਮੁਕਤ ਹੋ ਜਾਏਗਾ। ਐਮਪੀ ਤੇ ਛੱਤੀਸਗੜ੍ਹ ਵਿੱਚ ਲੰਮੇ ਸਮੇਂ ਤੋਂ ਬੀਜੇਪੀ ਦੀ ਸਰਕਾਰ ਸੀ ਜਦਕਿ ਰਾਜਸਥਾਨ ਵਿੱਚ ਵੀ ਕਾਂਗਰਸ ਨੂੰ ਹਰਾ ਕੇ ਸੱਤਾ ਹਥਿਆਈ ਸੀ ਪਰ ਅੱਜ ਦੇ ਨਤੀਜਿਆਂ ਤੋਂ ਸਾਫ ਹੈ ਕਿ ਛੱਤੀਸਗੜ੍ਹ ਤੇ ਰਾਜਸਥਾਨ ਬੀਜੇਪੀ ਦੇ ਹੱਥੋਂ ਫਿਸਲ ਗਏ ਹਨ ਜਦਕਿ ਐਮਪੀ ਵਿੱਚ ਵੀ ਕਾਂਗਰਸ ਸੱਤਾ ਹਾਸਲ ਕਰ ਸਕਦੀ ਹੈ।

ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ ਤੇ ਤਾਜ਼ਾ ਚੋਣ ਨਤੀਜਿਆਂ ਨੂੰ ਸੈਮੀਫਾਈਨਲ ਵਾਂਗ ਮੰਨਿਆ ਜਾ ਰਿਹਾ ਹੈ। ‘ਆਪ’ ਲੀਡਰ ਸੰਜੈ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ ਕਿ 2019 ਵਿੱਚ ਭਾਰਤ ਬੀਜੇਪੀ ਮੁਕਤ ਹੋ ਜਾਏਗਾ। ਨਤੀਜਿਆਂ ਨੇ ਸਾਫ ਕਰ ਦਿੱਤਾ ਹੈ ਕਿ ਜਨਤਾ ਜੁਮਲਿਆਂ ਤੋਂ ਪਰੇਸ਼ਾਨ ਹੋ ਚੁੱਕੀ ਹੈ।