ਨਵੀਂ ਦਿੱਲੀ: ਬੀਜੇਪੀ ਦੇ ਬੁਲਾਰਾ ਸੰਬਿਤ ਪਾਤਰਾ ਨੇ ਤਿੰਨ ਸੂਬਿਆਂ (ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼) ਵਿੱਚ ਪਾਰਟੀ ਦੀ ਹਾਰ ਸਵੀਕਾਰਦਿਆਂ ਕਿਹਾ ਕਿ ਇਸ ਹਾਰ ਦਾ ਕਾਰਨ ਲੋਕਾਂ ਦਾ ਗੁੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਗੁੱਸਾ ਹੁੰਦੇ ਤਾਂ ਪਾਰਟੀ ਨੂੰ ਜਿੰਨੀਆਂ ਸੀਟਾਂ ਮਿਲੀਆਂ ਹਨ, ਓਨੀਆਂ ਵੀ ਨਾ ਮਿਲਦੀਆਂ।

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਬੀਜੇਪੀ ਦੀਆਂ ਸਰਕਾਰਾਂ ਸੀ। ਅੱਜ ਦੇ ਨਤੀਜਿਆਂ ਬਾਅਦ ਛੱਤੀਗੜ੍ਹ ਤੇ ਰਾਜਸਥਾਨ ਵਿੱਚ ਸਪਸ਼ਟ ਤੌਰ ’ਤੇ ਕਾਂਗਰਸ ਆਪਣੀ ਸਰਕਾਰ ਬਣਾਏਗੀ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਆਪਣੀ ਬੜ੍ਹਤ ਨਾਲ ਚੱਲ ਰਹੀ ਹੈ।

ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 230 ਸੀਟਾਂ ਹਨ। 115 ਸੀਟਾਂ ’ਤੇ ਕਾਂਗਰਸ ਬੜ੍ਹਤ ਨਾਲ ਚੱਲ ਰਹੀ ਹੈ। ਬੀਜੇਪੀ 106 ਤੇ 9 ’ਤੇ ਹੋਰ ਪਾਰਟੀਆਂ ਕਾਬਜ਼ ਹਨ। ਐਮਪੀ ਵਿੱਚ ਬਹੁਮਤ ਹਾਸਲ ਕਰਨ ਲਈ ਪਾਰਟੀ ਨੂੰ 116 ਸੀਟਾਂ ਲੋੜੀਂਦੀਆਂ ਹਨ। 2013 ਵਿੱਚ ਬੀਜੇਪੀ ਨੇ 165 ਸੀਟਾਂ ਜਿੱਤੀਆਂ ਸੀ ਜਦਕਿ ਕਾਂਗਰਸ 58 ਸੀਟਾਂ ’ਤੇ ਹੀ ਸਿਮਟ ਗਈ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਐਮਪੀ ਵਿੱਚ ਪਿਛਲੇ 15 ਸਾਲਾਂ ਤੋਂ ਲਗਾਤਾਰ ਤਿੰਨ ਵਾਰ ਬੀਜੇਪੀ ਦੀ ਸਰਕਾਰ ਚੱਲਦੀ ਆ ਰਹੀ ਹੈ। ਸ਼ਿਵਰਾਜ ਸਿੰਘ ਚੌਹਾਨ ਲਗਾਤਾਰ ਤਿੰਨ ਵਾਰ ਇੱਥੋਂ ਦੇ ਸੀਐਮ ਬਣਦੇ ਆ ਰਹੇ ਸਨ।

ਰਾਜਸਥਾਨ ਦੀ ਗੱਲ ਕੀਤੀ ਜਾਏ ਤਾਂ ਇੱਥੇ ਵਿਧਾਨ ਸਭਾ ਦੀਆਂ 200 ਸੀਟਾਂ ਹਨ ਜਿਨ੍ਹਾਂ ਵਿੱਚੋਂ 199 ’ਤੇ ਵੋਟਾਂ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ 103 ਸੀਟਾਂ ’ਤੇ ਕਾਂਗਰਸ ਨੇ ਕਬਜ਼ਾ ਕੀਤਾ ਹੋਇਆ ਹੈ। 71 ਸੀਟਾਂ ’ਤੇ ਬੀਜੇਪੀ ਅੱਗੇ ਚੱਲ ਰਹੀ ਹੈ ਜਦਕਿ 25 ਸੀਟਾਂ ਹੋਰਾਂ ਦੇ ਹਿੱਸੇ ਆਈਆਂ। ਬਹੁਮਤ ਹਾਸਲ ਕਰਨ ਲਈ ਸੂਬੇ ਵਿੱਚ 100 ਸੀਟਾਂ ਦੀ ਜ਼ਰੂਰਤ ਹੈ ਜੋ ਸਪਸ਼ਟ ਤੌਰ ’ਤੇ ਕਾਂਗਰਸ ਨੇ ਹਾਸਲ ਕਰ ਲਿਆ ਹੈ। ਇੱਥੇ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਸੀਐਮ ਦੀ ਰੇਸ ਵਿੱਚ ਖੜ੍ਹੇ ਹਨ।

ਉੱਧਰ ਛੱਤੀਗੜ੍ਹ ਵਿੱਚ ਸਾਫ ਤੌਰ ’ਤੇ ਕਾਂਗਰਸ ਦੀ ਸਰਕਰਾ ਬਣਨ ਜਾ ਰਹੀ ਹੈ। ਹਾਲੇ ਤਕ ਕਾਂਗਰਸ ਦੇ ਖ਼ਾਤੇ 69 ਸੀਟਾਂ ਹਨ ਜਦਕਿ ਬੀਜੇਪੀ ਕੋਲ 11 ਸੀਟਾਂ ਦਿਖਾਈ ਦੇ ਰਹੀਆਂ ਹਨ। ਅਜੀਤ ਜੋਗੀ ਗਠਜੋੜ ਕੋਲ 9 ਸੀਟਾਂ ਜਦਕਿ ਹੋਰਾਂ ਕੋਲ ਇੱਕ ਸੀਟ ਦਿਖ ਰਹੀ ਹੈ। ਇੱਥੇ ਵੀ ਲਗਾਤਾਰ ਤਿੰਨ ਵਾਰ ਬੀਜੇਪੀ ਦੀ ਸਰਕਾਰ ਧਾਵਕ ਸੀ ਪਰ ਇਸ ਵਾਰ ਬਾਜ਼ੀ ਪਲਟ ਕੇ ਕਾਂਗਰਸ ਹੱਥ ਆ ਗਈ ਹੈ।