ਭੋਪਾਲ: ਵੀਆਈਪੀ ਲੋਕਾਂ ਦੇ ਇੱਕ ਤੋਂ ਦੂਜੀ ਥਾਂ ਆਉਣ-ਜਾਣ 'ਤੇ ਸੜਕੀ ਆਵਾਜਾਈ ਰੋਕਣਾ ਆਮ ਗੱਲ ਹੈ ਜਦਕਿ ਹੁਣ ਬਿਜਲੀ ਦੇ ਕੱਟ ਲੱਗਣੇ ਵੀ ਸੰਭਵ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਹੈਲੀਕਾਪਟਰ ਦੀ ਲੈਂਡਿੰਗ ਲਈ ਸਤਨਾ ਦੇ ਸਥਾਨਕ ਪ੍ਰਸ਼ਾਸਨ ਨੇ 26 ਘੰਟਿਆਂ ਲਈ ਤਕਰੀਬਨ 20 ਪਿੰਡਾਂ ਦੀ ਬਿਜਲੀ ਕੱਟ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਅਖਬਾਰ 'ਚ ਇਸ਼ਤਿਹਾਰ ਵੀ ਦਿੱਤਾ ਗਿਆ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਆਉਣ ਤੇ ਹੈਲੀਕਾਪਟਰ ਦੀ ਲੈਂਡਿੰਗ ਲਈ 19 ਮਈ ਸ਼ਾਮ 4 ਵਜੇ ਤੋਂ ਲੈ ਕੇ 20 ਮਈ ਸ਼ਾਮ 6 ਵਜੇ ਤੱਕ ਬਿਜਲੀ ਕੱਟ ਲਾਇਆ ਜਾ ਰਿਹਾ ਹੈ। ਹਾਲਾਕਿ ਸਥਾਨਕ ਲੋਕਾਂ ਦੇ ਭਾਰੀ ਵਿਰੋਧ ਜਤਾਉਣ ਤੋਂ ਬਾਅਦ ਅੱਜ ਸਵੇਰੇ ਤਿੰਨ ਵਜੇ ਬਿਜਲੀ ਬਹਾਲ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਫਰਵਰੀ 2016 'ਚ ਸੁਰੇਸ਼ ਪਰਮਾਰ ਨਾਂ ਦੇ ਕਿਸਾਨ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਰੈਲੀ ਦੀ ਵਜ੍ਹਾ ਨਾਲ ਉਸ ਦੀ ਸਾਰੀ ਕਣਕ ਦੀ ਫਸਲ ਕੱਟ ਦਿੱਤੀ ਗਈ ਸੀ ਜਿਸ ਦਾ ਉਸ ਨੂੰ ਭਾਰੀ ਨੁਕਸਾਨ ਹੋਇਆ ਸੀ।