ਹੈਦਰਾਬਾਦ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪੰਜ ਸੀਟਾਂ ਤੇ ਜਿੱਤ ਹਾਸਲ ਕਰਨ ਵਾਲੀ ਅਸੱਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ ਏ ਇਤਹਾਦੁਲ ਮੁਸਲਮੀਨ(AIMIM) ਫੁੱਲੀ ਨਹੀਂ ਸਮਾ ਰਹੀ। ਬਿਹਾਰ ਚੋਣਾਂ ਵਿੱਚ ਏਆਈਐਮਆਈਐਮ ਨੂੰ ਮਿਲੀ ਇਸ ਜਿੱਤ ਨਾਲ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਨੇ ਕਿਹਾ ਹੈ ਕਿ ਬਿਹਾਰ ਵਿਚ ਏਆਈਐਮਆਈਐਮ ਦੀ ਕਾਮਯਾਬੀ ਹਿੰਦੋਸਤਾਨ ਦੀ ਸਿਆਸਤ ਵਿੱਚ ਨਵੀਂ ਤਾਰੀਖ਼ ਲਿਖੇਗੀ ਤੇ ਦੁਨੀਆ ਦੇਖੇਗੀ ਕਿ ਏਆਈਐਮਆਈਐਮ ਸਾਰੇ ਹਿੰਦੁਸਤਾਨ ਵਿੱਚ ਆਪਣਾ ਝੰਡਾ ਲਹਿਰਾਏਗੀ।



ਹੈਦਰਾਬਾਦ ਦੇ ਵਿਚ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਕਬਰੂਦੀਨ ਨੇ ਕਿਹਾ ਕਿ ਉਨ੍ਹਾਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ। ਬਿਹਾਰ ਵਿਚ ਪਾਰਟੀ ਨੂੰ ਮਿਲੀ ਕਾਮਯਾਬੀ ਹਿੰਦੋਸਤਾਨ ਦੀ ਸਿਆਸਤ ਵਿੱਚ ਇੱਕ ਨਵੀਂ ਤਾਰੀਖ਼ ਲਿਖੇਗੀ ਤੇ ਉਹ ਦਿਨ ਦੂਰ ਨਹੀਂ ਜਦੋਂ  ਪੂਰੇ ਹਿੰਦੋਸਤਾਨ ਵਿਚ ਏਆਈਐੈਮਆਈਐੈਮ ਦਾ ਝੰਡਾ ਲਹਿਰਾਏਗਾ। ਉਨ੍ਹਾਂ ਨੇ ਦੱਸਿਆ ਕਿ ਉਹ 70 ਸਾਲਾਂ ਤੋਂ ਨਜ਼ਰਅੰਦਾਜ਼ ਲੋਕਾਂ ਦੀ ਨੁਮਾਇੰਦਗੀ ਕਰਨਗੇ।

ਬਿਹਾਰ ਚੋਣਾਂ ਦੇ ਨਤੀਜਿਆਂ ਵਿੱਚ ਪੰਜ ਸੀਟਾਂ ਹਾਸਲ ਕਰਨ ਵਾਲੀ ਏਆਈਐਮਆਈਐਮ ਨੂੰ ਵਿਧਾਇਕਾਂ ਦੇ ਟੁੱਟਣ ਦਾ ਵੀ ਡਰ ਸਤਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪੰਜਾਂ ਵਿਧਾਇਕਾਂ ਨੂੰ ਹੈਦਰਾਬਾਦ ਬੁਲਾਇਆ ਗਿਆ ਹੈ। ਅਕਬਰੂਦੀਨ ਓਵੈਸੀ ਨੇ ਬਿਹਾਰ ਚੋਣਾਂ ਵਿੱਚ ਜਿੱਤੇ ਪੰਜਾਂ ਵਿਧਾਇਕਾਂ ਨਾਲ ਮੁਲਾਕਾਤ ਕੀਤੀ।