ਪਟਨਾ: ਬਿਹਾਰ ਦੇ ਮੁਜ਼ੱਫਰਨਗਰ ਸਮੇਤ ਕੁੱਲ ਪੰਜ ਜ਼ਿਲ੍ਹਿਆਂ ਵਿੱਚ ਚਮਕੀ ਬੁਖ਼ਾਰ ਨਾਲ ਪਿਛਲੇ ਕਰੀਬ 24 ਘੰਟਿਆਂ ਵਿੱਚ 12 ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਤਕ ਕੁੱਲ 36 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤੇ 135 ਬੱਚਿਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਬੱਚਿਆਂ ਦੇ ਇਲਾਜ ਤੇ ਜਾਂਚ ਲਈ ਕੇਂਦਰ ਦੀ ਟੀਮ ਬਿਹਾਰ ਪਹੁੰਚ ਰਹੀ ਹੈ।

ਮੁਜ਼ੱਫਰਨਗਰ ਦੇ ਸਿਵਲ ਸਰਜਨ ਡਾ. ਸ਼ੈਲੇਸ਼ ਪ੍ਰਸਾਦ ਨੇ ਸੋਮਵਾਰ ਦੇਰ ਸ਼ਾਮ ਦੱਸਿਆ ਕੇ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ, ਮੁਜ਼ੱਫਰਨਗਰ, ਸੀਤਾਮੜੀ, ਸ਼ਿਵਹਰ, ਵੈਸ਼ਾਲੀ, ਪੂਰਬੀ ਚੰਪਾਰਣ ਵਿੱਚ ਹਾਈਪੋਗਲਾਈਸੀਮਿਆ ਤੇ ਹੋਰ ਅਣਪਛਾਤੀ ਬਿਮਾਰੀ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ ਹੁਣ 36 ਹੋ ਗਈ ਹੈ। ਇਨ੍ਹਾਂ ਵਿੱਚੋਂ 26 ਬੱਚੇ ਮੁਜ਼ੱਫਰਨਗਰ ਦੇ ਹਨ।



ਮੁਜ਼ੱਫਰਨਗਰ ਦੇ ਜ਼ਿਲ੍ਹਾ ਅਧਿਕਾਰੀ ਆਲੋਕ ਰੰਜਨ ਘੋਸ਼ ਨੇ ਸਿਹਤ ਵਿਭਾਗ ਦੇ ਆਹਲਾ ਅਧਿਕਾਰੀਆਂ ਦੇ ਨਾਲ-ਨਾਲ ਸਾਰੇ ਮੈਡੀਕਲ ਅਫ਼ਸਰਾਂ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਇਲਾਜ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਲਾਜ ਸਬੰਧੀ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਏ।



ਕੇਂਦਰ ਸਰਕਾਰ ਨੇ ਉੱਚ-ਪੱਧਰੀ ਟੀਮ ਦਾ ਗਠਨ ਕੀਤਾ ਹੈ ਜੋ ਅੱਜ ਬਿਹਾਰ ਦਾ ਦੌਰਾ ਕਰ ਕੇ ਮੁਜ਼ੱਫਰਨਗਰ ਤੇ ਗਯਾ ਵਿੱਚ ਬਿਮਾਰੀ ਵਧਣ ਦੇ ਮਾਮਲਿਆਂ 'ਤੇ ਲਗਾਮ ਲਾਉਣ ਵਿੱਚ ਰਾਜ ਸਰਕਾਰ ਦੀ ਮਦਦ ਕਰੇਗੀ। ਘੋਸ਼ ਨੇ ਹੁਕਮ ਦਿੱਤਾ ਕਿ ਸਾਰੀਆਂ ਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਤੇ ਏਐਨਐਮ ਨੂੰ ਵਾਰਡ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਤਤਕਾਲ ਉਨ੍ਹਾਂ ਦੀ ਮਦਦ ਲਈ ਜਾਏ।