ਪਟਨਾ: ਬਿਹਾਰ ਵਿੱਚ ਚਮਕੀ ਬੁਖ਼ਾਰ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਬੱਚਿਆਂ ਦੀਆਂ ਮੌਤਾਂ ਦਾ ਅੰਕੜਾ 150 ਟੱਪ ਗਿਆ ਹੈ। ਪੂਰੇ ਸੂਬੇ ਵਿੱਚ ਇਸ ਬਿਮਾਰੀ ਨਾਲ ਕਈ ਬੱਚਿਆਂ ਦੀ ਜਾਨ ਜਾ ਰਹੀ ਹੈ। ਸਿਰਫ ਮੁਜ਼ੱਫਰਪੁਰ ਵਿੱਚ ਮਰਨ ਵਾਲਿਆਂ ਅੰਕੜਾ 124 ਹੈ। ਬੀਤੇ ਕੁਝ ਦਿਨਾਂ ਤੋਂ ਬਿਮਾਰੀ ਲਗਾਤਾਰ ਵਧ ਰਹੀ ਹੈ। ਇਸ ਕਰਕੇ ਸੂਬੇ ਦੀ ਨਿਤੀਸ਼ ਕੁਮਾਰ ਸਰਕਾਰ ਨੂੰ ਹਰ ਕੋਈ ਨਿਸ਼ਾਨੇ 'ਤੇ ਲੈ ਰਿਹਾ ਹੈ।

ਉੱਧਰ, ਇਸੇ ਵਿਚਾਲੇ ਬੀਜੇਪੀ ਲੀਡਰ ਰਾਜੀਵ ਪ੍ਰਤਾਪ ਰੂਡੀ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਨੇ ਬੱਚਿਆਂ ਦੀ ਜਾਨ ਗਈ, ਬੇਹੱਦ ਦੁੱਖ਼ ਹੈ। ਰਾਜ ਸਰਕਾਰ ਕਦਮ ਚੁੱਕ ਰਹੀ ਹੈ ਪਰ ਮੈਂ ਇਸ ਨੂੰ ਦੂਜੇ ਪਹਿਲੂ ਤੋਂ ਵੇਖਦਾ ਹਾਂ। ਜਿਸ ਤਰ੍ਹਾਂ ਲੀਚੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਉਸ ਨਾਲ ਲੀਚੀ ਕਿਸਾਨਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ ਤੇ ਅੱਗੇ ਵੀ ਹੋਏਗਾ। ਬੰਦਰਗਾਹਾਂ ਤੋਂ ਬਾਹਰ ਜਾਣ ਵਾਲੀ ਲੀਚੀ ਰੁਕ ਗਈ ਹੈ।

ਰੂਡੀ ਨੇ ਲੋਕ ਸਭਾ ਵਿੱਚ ਵੀ ਚਮਕੀ ਬੁਖ਼ਾਰ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਫੈਲਾਇਆ ਜਾ ਰਿਹਾ ਹੈ ਕਿ ਬੱਚਿਆਂ ਨੇ ਲੀਚੀ ਖਾਧੀ ਸੀ, ਇਸੇ ਕਰਕੇ ਉਨ੍ਹਾਂ ਦੀ ਮੌਤ ਹੋਈ। ਨਤੀਜਨ ਅਚਾਨਕ ਲੀਚੀਆਂ ਦੇ ਨਿਰਯਾਤ ਵਿੱਚ ਗਿਰਾਵਟ ਆ ਗਈ ਤੇ ਲੀਚੀਆਂ ਤਟਾਂ 'ਤੇ ਪਈਆਂ ਹਨ।

ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਲੀਚੀ ਭਾਰਤ ਵਿੱਚ ਪੈਦਾ ਹੁੰਦੀ ਹੈ ਤੇ ਇਸ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ ਹੈ। ਉਸ ਵਿੱਚੋਂ ਵੀ 60 ਫੀਸਦੀ ਲੀਚੀ ਬਿਹਾਰ ਵਿੱਚ ਪੈਦਾ ਹੁੰਦੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਚੀਨ ਦੀ ਸਾਜ਼ਿਸ਼ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਤੋਂ ਇਲਾਵਾ ਬਿਹਾਰ ਦੇ ਖੇਤੀ ਮੰਤਰੀ ਪ੍ਰੇਮ ਕੁਮਾਰ ਨੇ ਵੀ ਲੀਚੀ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ।

ਹਾਲਾਂਕਿ ਬਿਹਾਰ ਸਿਹਤ ਵਿਭਾਗ ਨੇ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੇ ਸਬੰਧ ਵਿੱਚ ਪੂਰੇ ਸੂਬੇ ਦੇ ਅੰਕੜੇ ਜਾਰੀ ਕੀਤੇ ਸੀ ਤੇ ਮੌਤਾਂ ਦੀ ਗਿਣਤੀ 136 ਦੱਸੀ ਸੀ। ਇਹ ਬਿਮਾਰੀ 16 ਜ਼ਿਲ੍ਹਿਆਂ ਵਿੱਚ ਫੈਲ ਚੁੱਕੀ ਹੈ। ਤਾਜ਼ਾ ਮੌਤਾਂ ਦੀ ਗਿਣਤੀ 150 ਦੇ ਪਾਰ ਪਹੁੰਚ ਗਈ ਹੈ।